ਪੱਤਰ ਪ੍ਰੇਰਕ
ਮੌੜ ਮੰਡੀ, 24 ਜੁਲਾਈ
ਕੌਮੀ ਪੁਰਸਕਾਰ ਵਿਜੇਤਾ ਗ੍ਰਾਮ ਪੰਚਾਇਤ ਮਾਣਕ ਖਾਨਾ ਨੇ ਘੱਟ ਲਾਗਤ ਨਾਲ ਮੀਂਹ ਦੇ ਪਾਣੀ ਦੀ ਸੰਭਾਲ ਲਈ ਰੀਚਾਰਜ ਪਿਟ ਬਣਾ ਕੇ ਸਰਕਾਰ ਦੇ ਪੈਸੇ ਦੀ ਬੱਚਤ ਕਰਕੇ ਨਵੀਂ ਮਿਸਾਲ ਪੈਦਾ ਕਰ ਦਿੱਤੀ ਹੈ। ਪੰਚਾਇਤ ਦੇ ਇਸ ਕੰਮ ਦਾ ਨਿਰੀਖਣ ਕਰਨ ਲਈ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਬਠਿੰਡਾ ਦੀ ਅਗਵਾਈ ਹੇਠ ਕੇਂਦਰੀ ਟੀਮ ਨੇ ਪਿੰਡ ਦਾ ਦੌਰਾ ਕੀਤਾ ਤੇ ਵਿਕਾਸ ਕਾਰਜਾਂ ਦੇ ਕੰਮਾਂ ’ਤੇ ਤਸੱਲੀ ਪ੍ਰਗਟ ਕਰਦਿਆਂ ਗ੍ਰਾਮ ਪੰਚਾਇਤ ਦੀ ਸ਼ਲਾਘਾ ਕੀਤੀ। ਟੀਮ ਮੈਂਬਰਾਂ ਵੱਲੋਂ ਮਹਿਲਾ ਸਰਪੰਚ ਸੈਸਨਦੀਪ ਕੌਰ ਤੇ ਸਮੁੱਚੀ ਪੰਚਾਇਤ ਨੂੰ ਹੋਰਨਾਂ ਪੰਚਾਇਤਾਂ ਲਈ ਰਾਹ ਦਸੇਰਾ ਦੱਸਿਆ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੀਰੂ ਗਰਗ ਦੀ ਅਗਵਾਈ ਹੇਠ ਕੇਂਦਰੀ ਟੀਮ ਦੇ ਮੈਂਬਰ ਭਾਰਤ ਸਰਕਾਰ ਦੇ ਕਬਾਇਲੀ ਮਾਮਲਿਆਂ ਬਾਰੇ ਸੰਯੁਕਤ ਸਕੱਤਰ ਯਤਿੰਦਰ ਪ੍ਰਸਾਦ ਅਤੇ ਤਕਨੀਕੀ ਸਲਾਹਕਾਰ ਜੈਸ ਦੇਵਕਾਲੇ ਨੇ ਰੀਚਾਰਜ਼ ਪਿਟਾਂ ਦਾ ਜਾਇਜ਼ਾ ਲਿਆ । ਡੀਡੀਪੀਓ ਨੀਰੂ ਗਰਗ ਨੇ ਕਿਹਾ ਕਿ ਘਰਾਂ ਵਿਚ ਬਣੇ 60 ਰੀਚਾਰਜ਼ ਪਿਟ ’ਤੇੇ 6 ਲੱਖ ਰੁਪਏ ਖਰਚ ਆਏ ਹਨ , ਜਿਸ ਨਾਲ ਪੰਚਾਇਤ ਨੇ ਸਰਕਾਰ ਦੇ 4 ਲੱਖ ਰੁਪਏ ਤੋਂ ਵੱਧ ਦੀ ਬਚਤ ਕਰ ਦਿੱਤੀ ਹੈ। ਇਸ ਮੌਕੇ ਬੀਡੀਪੀਓ ਰਾਮਪੁਰਾ ਮਨਜੋਤ ਸਿੰਘ ਸੋਢੀ ਅਤੇ ਵੀਡਿਓ ਪਰਮਜੀਤ ਸਿੰਘ ਭੁੱਲਰ ਵੀ ਹਾਜ਼ਰ ਸਨ।