ਪੱਤਰ ਪ੍ਰੇਰਕ
ਭਦੌੜ 11 ਜੂਨ
ਲੰਘੇ ਦਿਨੀਂ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਦੀ ਅਣਦੇਖੀ ਕਰਦਿਆਂ ਆਪਣੀ ਜ਼ਮੀਨ ਵਿੱਚ ਲਗਾਏ ਝੋਨੇ ’ਤੇ ਆਖ਼ਰ ਖੇਤੀਬਾੜੀ ਵਿਭਾਗ ਦਾ ਟਰੈਕਟਰ ਚੱਲ ਹੀ ਗਿਆ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਭਦੌੜ ਵਿੱਚ ਕਮੇਟੀ ਦੀ ਜ਼ਮੀਨ ’ਤੇ ਛੇ ਜੂਨ ਨੂੰ ਛੇ ਕਿੱਲੇ ਝੋਨਾ ਲਗਾਇਆ ਗਿਆ ਸੀ। ਇਸ ਨੂੰ ਦੇਖ ਕੇ ਕਸਬੇ ਦੇ ਹੋਰ ਕਿਸਾਨਾਂ ਨੇ ਵੀ ਤਿਆਰੀ ਵਿੱਢ ਦਿੱਤੀ ਸੀ ਕਿਉਂਕਿ ਖੇਤੀਬਾੜੀ ਵਿਭਾਗ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ’ਤੇ ਝੋਨਾ ਲਗਾਉਣ ਸਬੰਧੀ ਕੋਈ ਕਾਰਵਾਈ ਕਰਨ ਤੋਂ ਪਾਸਾ ਵੱਟ ਰਿਹਾ ਸੀ। ਇਸ ਬਾਰੇ ਅੱਜ ਜਿਉਂ ਹੀ ਬਰਨਾਲਾ ਦੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਫੌਰੀ ਬਲਾਕ ਸ਼ਹਿਣਾ ਅਤੇ ਭਦੌੜ ਦੇ ਖੇਤੀਬਾੜੀ ਅਧਿਕਾਰੀਆਂ ਨੂੰ ਝੋਨਾ ਵਾਹੁਣ ਸਬੰਧੀ ਨਿਰਦੇਸ਼ ਦਿੱਤੇ। ਅੱਜ ਬਲਾਕ ਖੇਤੀਬਾੜੀ ਅਫ਼ਸਰ ਗੁਰਚਰਨ ਸਿੰਘ ਤੇ ਏਡੀਓ ਸੁਖਦੀਪ ਸਿੰਘ ਦੀ ਹਾਜ਼ਰੀ ’ਚ ਝੋਨਾ ਵਾਹ ਦਿੱਤਾ ਗਿਆ।