ਲਖਵੀਰ ਸਿੰਘ ਚੀਮਾ
ਟੱਲੇਵਾਲ, 3 ਅਕਤੂਬਰ
ਪਿੰਡ ਟੱਲੇਵਾਲ ਵਿੱਚ ਸੰਘਣੀ ਆਬਾਦੀ ਵਿੱਚ ਲਗਾਏ ਜਾ ਰਹੇ ਨਿੱਜੀ ਮੋਬਾਈਲ ਕੰਪਨੀ ਦੇ ਟਾਵਰ ਦਾ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਟਾਵਰ ਅੱਗੇ ਲੋਕਾਂ ਵਲੋਂ ਪੰਜਾਬ ਸਰਕਾਰ ਅਤੇ ਬਰਨਾਲਾ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂੁ ਜਗਦੇਵ ਸਿੰਘ ਤੁੰਗ, ਗੁਰਮੇਲ ਸਿੰਘ ਅਤੇ ਸ਼ਿਕਾਇਤਕਰਤਾ ਮਾਸਟਰ ਨਾਹਰ ਸਿੰਘ ਨੇ ਦੱਸਿਆ ਕਿ ਟੱਲੇਵਾਲ ਵਿੱਚ ਉਨ੍ਹਾਂ ਦੇ ਘਰ ਨਜ਼ਦੀਕ ਲੱਗੇ ਨਿੱਜੀ ਕੰਪਨੀ ਦੇ ਮੋਬਾਈਲ ਟਾਵਰ ਸਬੰਧੀ 6 ਮਾਰਚ 2013 ਵਿਚ ਕੰਪਨੀ ਦੇ ਟਾਵਰ ਖਿਲਾਫ਼ ਹਾਈਕੋਰਟ ਵਿਚ ਸਿਵਲ ਰਿੱਟ ਪਟੀਸ਼ਨ ਦਾਇਰ ਕੀਤੀ ਸੀ। ਹਾਈਕੋਰਟ ਵਲੋਂ 29 ਅਕਤੂਬਰ 2013 ਨੂੰ ਹੁਕਮ ਪਾਸ ਕਰਦੇ ਹੋਏ ਸ਼ਿਕਾਇਤ ਦਾ ਨਿਪਟਾਰਾ 2 ਮਹੀਨੇ ਦੇ ਅੰਦਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੱਤਰ ਜਾਰੀ ਕੀਤਾ ਸੀ। ਆਗੂਆਂ ਨੇ ਕਿਹਾ ਕਿ ਉਹ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ।