ਸ਼ਗਨ ਕਟਾਰੀਆ
ਜੈਤੋ, 13 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਬਲਾਕ ਜੈਤੋ ਦੇ ਅਹੁਦੇਦਾਰਾਂ ਦੀ ਇਥੇ ਨਹਿਰੂ ਪਾਰਕ ਵਿੱਚ ਹੋਈ ਮੀਟਿੰਗ ਦੌਰਾਨ 15 ਤੋਂ 20 ਸਤੰਬਰ ਤੱਕ ਜਥੇਬੰਦੀ ਵੱਲੋਂ ਪਿੰਡ ਬਾਦਲ ਅਤੇ ਪਟਿਆਲਾ ਵਿਚ ਲਾਏ ਜਾਣ ਵਾਲੇ ‘ਪੱਕੇ ਮੋਰਚੇ’ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।
ਜ਼ਿਲ੍ਹਾ ਫ਼ਰੀਦਕੋਟ ਦੇ ਕਾਰਜਕਾਰੀ ਜਨਰਲ ਸਕੱਤਰ ਨੱਥਾ ਸਿੰਘ ਬਰਾੜ ਰੋੜੀਕਪੂਰਾ ਦੀ ਪ੍ਰਧਾਨਗੀ ਵਿਚ ਹੋਈ ਇਸ ਬੈਠਕ ’ਚ ਬਲਾਕ ਆਗੂਆਂ ਨੇ ਆਪਣੇ ਖੇਤਰ ’ਚ ਮੋਰਚੇ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ। ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਦਲ ਸਿੰਘ ਵਾਲਾ, ਬਲਵਿੰਦਰ ਸਿੰਘ ਮੱਤਾ, ਹਰਵਿੰਦਰ ਸਿੰਘ ਸੇਢਾ ਸਿੰਘ ਵਾਲਾ, ਚਰਨਜੀਤ ਸਿੰਘ, ਰੇਸ਼ਮ ਸਿੰਘ, ਨਛੱਤਰ ਸਿੰਘ ਰਣ ਸਿੰਘ ਵਾਲਾ, ਬਲਦੇਵ ਸਿੰਘ ਮੱਤਾ, ਗੁਰਚਰਨ ਸਿੰਘ ਦਲ ਸਿੰਘ ਵਾਲਾ, ਅਮਰਜੀਤ ਸਿੰਘ, ਜੀਤ ਸਿੰਘ ਅਤੇ ਦਿਲਬਾਗ ਸਿੰਘ ਮੱਤਾ ਨੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ‘ਕਿਸਾਨਾਂ ਲਈ ਮੌਤ ਦੇ ਵਾਰੰਟ’ ਦਾ ਨਾਂਅ ਦਿੰਦਿਆਂ ਮੋਦੀ ਸਰਕਾਰ ’ਚ ਮੰਤਰੀ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਅਤੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵੀ ਜੰਮ ਕੇ ਆਲੋਚਨਾ ਕਰਦਿਆਂ ਕਿਹਾ ਕਿ ਕੇਂਦਰੀ ਮੰਤਰੀ ਦੀ ‘ਗਿੱਦੜ-ਪੱਤਰੀ’ ਵਿਖਾ ਕੇ ਬਾਦਲ ਪਰਿਵਾਰ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੇਂਦਰੀ ਆਰਡੀਨੈਂਸਾਂ ਨੂੰ ਕਥਿਤ ‘ਕਿਸਾਨ-ਹਿਤੈਸ਼ੀ’ ਕਹੇ ਜਾਣ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਅੱਖ ਰੱਖੀ ਬੈਠੇ ਕਾਰਪੋਰੇਟਾਂ ਦੀ ਬੋਲੀ ਬੋਲ ਕੇ ਜਾਗੀਰਦਾਰ-ਸਰਮਾਏਦਾਰ ਪੱਖੀ ਹੋਣ ਦਾ ਪੁਖ਼ਤਾ ਪ੍ਰਮਾਣ ਪੇਸ਼ ਕਰ ਰਹੇ ਹਨ। ਮੀਟਿੰਗ ’ਚ ‘ਪੱਕੇ ਮੋਰਚੇ’ ’ਚ ਪਹੁੰਚਣ ਸਮੇਤ ਸਾਰੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ।
ਮਾਨਸਾ (ਜੋਗਿੰਦਰ ਸਿੰਘ ਮਾਨ): ਭਾਰਤੀ ਕਿਸਾਨ ਯੂਨੀਅਨ ਮਾਨਸਾ ਨੇ ਐਲਾਨ ਕੀਤਾ ਕਿ ਪੰਜਾਬ ਦੀਆਂ ਸੜਕਾਂ ਜਾਮ ਕਰਨ ਦੇ ਪ੍ਰੋਗਰਾਮ ਤਹਿਤ 15 ਸਤੰਬਰ ਦਿਨ ਮੰਗਲਵਾਰ ਨੂੰ ਜ਼ਿਲ੍ਹਾ ਮਾਨਸਾ ਨਾਲ ਸਬੰਧਿਤ ਜਥੇਬੰਦੀਆਂ ਵੱਲੋਂ ਰਾਮਦਿੱਤੇ ਵਾਲਾ ਚੌਕ ਕੈਂਚੀਆਂ ’ਤੇ ਸੜਕਾਂ ਜਾਮ ਕੀਤੀਆਂ ਜਾਣਗੀਆਂ। ਅੱਜ ਜਥੇਬੰਦੀ ਦੀ ਪਿੰਡ ਤਲਵੰਡੀ ਅਕਲੀਆ ਵਿੱਚ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬੋਘ ਸਿੰਘ ਮਾਨਸਾ ਨੇ ਕਿਹਾ ਕਿ ਖੇਤੀ ਆਰਡੀਨੈਂਸ ਦੇਸ਼ ਦੇ ਕਿਸਾਨਾਂ ਮਜ਼ਦੂਰਾਂ, ਅੜਤੀਆਂ ਸਮੇਤ ਆਮ ਲੋਕਾਂ ਦੇ ਹਿੱਤਾਂ ਖ਼ਿਲਾਫ਼ ਹਨ ਅਤੇ ਕਾਰਪੋਰੇਟ ਘਰਾਣੇ ਦੇ ਹਿੱਤਾਂ ਦੀ ਪੂਰਤੀ ਕਰਦੇ ਹਨ। ਇਸ ਮੌਕੇ ਕਾਕਾ ਸਿੰਘ, ਉਗਰ ਸਿੰਘ ਮਾਨਸਾ, ਜਸਪਾਲ ਸਿੰਘ ਪੈਰੋਂ, ਕਾਲਾ ਸਿੰਘ ਤਲਵੰਡੀ ਅਕਲੀਆਂ, ਕੁਲਦੀਪ ਸਿੰਘ ਤਲਵੰਡੀ ਅਕਲੀਆ ਨੇ ਸੰਬੋਧਨ ਕੀਤਾ।
ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਖੇਤੀ ਵਿਰੋਧੀ ਆਰਡੀਨੈਂਸ ਰੱਦ ਕਰਵਾਉਣ ਲਈ ਪਿੰਡ ਸਾਹਿਬ ਚੰਦ ਵਿੱਚ ਰੈਲੀ ਕੀਤੀ ਗਈ। ਜ਼ਿਲ੍ਹਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਸੁੱਚਾ ਸਿੰਘ ਕੋਟਭਾਈ ਨੇ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਦੀ ਘੱਟੋ-ਘੱਟ ਕੀਮਤ ਦਾ ਟੁੱਟਣਾ ਖੇਤੀ ਠੇਕਾ ਨੀਤੀ ਜ਼ਰੂਰੀ ਵਸਤਾਂ ਕਾਨੂੰਨ, ਬਿਜਲੀ ਸੋਧ ਬਿੱਲ 2020 ਰਾਹੀਂ ਸਿੱਧੇ-ਅਸਿੱਧੇ ਢੰਗਾਂ ਨਾਲ ਖੇਤੀ ਵਿੱਚੋਂ ਧੂਹ ਕੇ ਬਾਹਰ ਕੱਢਣ ਵਾਲੇ ਸਾਮਰਾਜ ਪੱਖੀ ਕਾਲੇ ਕਾਨੂੰਨ ਹਨ, ਜਿਨ੍ਹਾਂ ਨੂੰ ਦੇਸ਼ ਦੀਆਂ ਸੰਘਰਸ਼ਸ਼ੀਲ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਨੌਜਵਾਨ ਜਥੇਬੰਦੀਆਂ ਹਰਗਿਜ਼ ਪ੍ਰਵਾਨ ਨਹੀਂ ਕਰਨਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 15 ਤੋਂ 20 ਸਤੰਬਰ ਪਿੰਡ ਬਾਦਲ ਅਤੇ ਪਟਿਆਲਾ ਵਿੱਚ ਲੱਗਣ ਵਾਲੇ ਛੇ ਰੋਜ਼ਾ ਧਰਨਿਆਂ ਵਿੱਚ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨ।
ਝੁਨੀਰ (ਨਿੱਜੀ ਪੱਤਰ ਪੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਰੋਨਾ ਦੀ ਆੜ ਵਿੱਚ ਕਿਸਾਨ ਵਿਰੋਧੀ ਤਿੰਨ ਆਰਡੀਨੈਂਸ ਪਾਸ ਕੀਤੇ ਜਾ ਰਹੇ ਨੇ ਜਿਸ ਨੂੰ ਰੱਦ ਕਰਵਾਉਣ ਦੇ ਲਈ ਮਾਨਸਾ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਕਿਸਾਨ ਬਰਨਾਲਾ ਵਿੱਚ ਕੀਤੀ ਜਾ ਰਹੀ ਵੰਗਾਰ ਰੈਲੀ ਵਿੱਚ ਸ਼ਮੂਲੀਅਤ ਕਰਨਗੇ। ਆਗੂ ਨੇ ਕਿਹਾ ਕਿ ਕਿਸਾਨ ਵਿਰੋਧੀ ਆਰਡੀਨੈੱਸ ਕਿਸੇ ਹਾਲਾਤ ਵਿੱਚ ਲਾਗੂ ਨਹੀਂ ਹੋਣ ਦਿੱਤੇ ਜਾਣਗੇ।
ਹੰਡਿਆਇਆ (ਪੱਤਰ ਪ੍ਰੇਰਕ): ਬੀਕੇਯੂ (ਡਕੌਂਦਾ) ਵੱਲੋਂ 14 ਸਤੰਬਰ ਨੂੰ ਬਰਨਾਲਾ ਵਿੱਚ ਹੋ ਰਹੀ ਪੰਜਾਬ ਪੱਧਰੀ ਰੈਲੀ ਦੀ ਤਿਆਰੀ ਵਜੋਂ ਨੇੜਲੇ ਪਿੰਡ ਖੁੱਡੀ ਕਲਾਂ, ਕਰਮਗੜ੍ਹ ਅਤੇ ਅਸਪਾਲ ਕਲਾਂ ਵਿੱਚ ਕਿਸਾਨ ਮਰਦਾਂ, ਔਰਤਾਂ ਤੇ ਨੌਜਵਾਨਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਸੂਬਾ ਪ੍ਰੈੱਸ ਸਕੱਤਰ ਬਲਵੰਤ ਸਿੰਘ ਉੱਪਲੀ, ਜ਼ਿਲ੍ਹਾ ਮੀਤ ਪ੍ਰਧਾਨ ਗੁਰਦੇਵ ਸਿੰਘ ਮਾਂਗੇਵਾਲ, ਬਲਾਕ ਬਰਨਾਲਾ ਦੇ ਪ੍ਰਧਾਨ ਪ੍ਰਮਿੰਦਰ ਹੰਡਿਆਇਆ ਤੇ ਜਨਰਲ ਸਕੱਤਰ ਬਾਬੂ ਸਿੰਘ ਖੁੱਡੀਕਲਾਂ ਨੇ ਸੰਬੋਧਨ ਕੀਤਾ।
ਕਿਸਾਨ ਅੱਜ ਬਰਨਾਲਾ-ਮੋਗਾ ਮਾਰਗ ਕਰਨਗੇ ਜਾਮ
ਟੱਲੇਵਾਲ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਰੋਹ ਲਗਾਤਾਰ ਪਤਾ ਜਾ ਰਿਹਾ ਹੈ। ਜਿਸ ਤਹਿਤ ਕਿਸਾਨਾਂ ਵੱਲੋਂ ਆਰ-ਪਾਰ ਦੀ ਲੜਾਈ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਇਸ ਆਰਡੀਨੈਂਸ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਸੜਕਾਂ ‘ਤੇ ਉਤਰਨ ਲੱਗੀਆਂ ਹਨ। ਇਸੇ ਤਹਿਤ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਰਾਜੇਵਾਲ ਅਤੇ ਸਿੱਧੂਪੁਰ ਵੱਲੋਂ ਮਿਲ ਕੇ 14 ਸਤੰਬਰ ਨੂੰ ਪੰਜਾਬ ਭਰ ਦੀਆਂ ਸੜਕਾਂ ਜਾਮ ਕਰਕੇ ਪ੍ਰਦਰਸ਼ਨ ਕੀਤੇ ਜਾਣਗੇ। ਇਹ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਿਕੰਦਰ ਸਿੰਘ ਮਾਨ, ਮੀਤ ਪ੍ਰਧਾਨ ਬਲਵਿੰਦਰ ਸਿੰਘ ਦੁੱਗਲ ਅਤੇ ਬਲਾਕ ਪ੍ਰਧਾਨ ਜਸਵੀਰ ਸਿੰਘ ਸੁਖਪਰਾ ਨੇ ਦਿੱਤੀ। ਉਨ੍ਹਾਂ ਵੱਲੋਂ ਅੱਜ ਪਿੰਡ ਪੱਖੋਕੇ ਵਿਖੇ ਕਿਸਾਨਾਂ ਨਾਲ ਇਸ ਸੰਘਰਸ਼ ਨੂੰ ਲੈ ਕੇ ਮੀਟਿੰਗ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਸੋਮਵਾਰ ਨੂੰ ਬਰਨਾਲਾ ਮੋਗਾ ਰੋਡ ਜਾਮ ਕਰਕੇ ਪਿੰਡ ਚੀਮਾ ਨੇੜੇ ਟੌਲ ਪਲਾਜ਼ੇ ’ਤੇ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਇਨ੍ਹਾਂ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ।
ਕਿਸਾਨਾਂ ਨੂੰ ਰੈਲੀਆਂ, ਨੁੱਕੜ ਨਾਟਕਾਂ ਰਾਹੀਂ ਲਾਮਬੰਦ ਕੀਤਾ
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਿੰਡ ਚੱਕ ਫ਼ਤਿਹ ਸਿੰਘ ਵਾਲਾ, ਚੱਕ ਰਾਮ ਸਿੰਘ ਵਾਲਾ ਅਤੇ ਚੱਕ ਬਖਤੂ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਰੈਲੀਆਂ ਕੀਤੀਆਂ ਗਈਆਂ। ਇਸ ਮੌਕੇ ਖੇਤੀ ਆਰਡੀਨੈਂਸਾਂ ਅਤੇ ਬਿਜਲੀ ਬਿੱਲ 2020 ਨੂੰ ਰੱਦ ਕਰਵਾਉਣ ਲਈ 15 ਸਤੰਬਰ ਨੂੰ ਪਿੰਡ ਬਾਦਲ ਵਿੱਚ ਲਗਾਏ ਜਾਣ ਵਾਲੇ ਮੋਰਚੇ ਦੀ ਸਫ਼ਲਤਾ ਲਈ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ। ਆਗੂ ਸਿਮਰਜੀਤ ਸਿੰਘ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਕੇਂਦਰ ਸਰਕਾਰ ਦੀਆਂ ਕਿਸਾਨ ਤੇ ਮਜ਼ਦੂਰ ਮਾਰੂ ਨੀਤੀਆਂ ਖ਼ਿਲਾਫ਼ ਵਿੱਢੀ ਆਰਪਾਰ ਦੀ ਲੜਾਈ ਵਿੱਚ ਡਟ ਜਾਣ। ਇਸ ਮੌਕੇ ਚੰਡੀਗੜ੍ਹ ਦੀ ਡਰਾਮਾ ਪਾਰਟੀ ਨੇ ਨੁੱਕੜ ਨਾਟਕਾਂ ਰਾਹੀਂ ਲੋਕਾਂ ਨੂੰ ਬਾਦਲ ਪਿੰਡ ਦੇ ਮੋਰਚੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਆਗੂ ਹੁਸ਼ਿਆਰ ਸਿੰਘ, ਪੱਪੀ ਸਿੰਘ, ਪਾਲ ਸਿੰਘ ਅਤੇ ਔਰਤਾਂ ਦੇ ਬੱਚੇ ਹਾਜ਼ਰ ਸਨ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਕਿਸਾਨਾਂ ਨੇ ਪਿੰਡ ਲਹਿਰਾ ਮੁਹੱਬਤ ਵਿੱਚ ਖੇਤੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿਲ 2020 ਦੇ ਵਿਰੋਧ ਵਿੱਰ ਰੋਸ ਵਿਖਾਵਾ ਕੀਤਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕੀਤਾ ਜਾਵੇ। ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਕਮੇਟੀ ਮੈਂਬਰ ਜਗਜੀਤ ਸਿੰਘ ਲਹਿਰਾ, ਡਕੌਂਦਾ ਦੇ ਇਕਾਈ ਪ੍ਰਧਾਨ ਰਾਮਪਾਲ ਸਿੰਘ ਅਤੇ ਸਕੱਤਰ ਕਰਮਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਆਰਡੀਨੈਂਸਾਂ ਦੇ ਲਾਗੂ ਹੋਣ ਨਾਲ ਕਿਸਾਨੀ ਬਰਬਾਦ ਹੋ ਜਾਵੇਗੀ ਤੇ ਮਜ਼ਦੂਰਾਂ ਦੇ ਰੁਜ਼ਗਾਰ ਖੁੱਸ ਜਾਣਗੇ ਅਤੇ ਲੋਕਾਂ ਨੂੰ ਮਹਿੰਗੀ ਬਿਜਲੀ ਮਿਲੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 14 ਸਤੰਬਰ ਦੀ ਬਰਨਾਲਾ ਰੈਲੀ ਵਿੱਚ ਸ਼ਾਮਲ ਹੋਣ।
ਕਿਸਾਨਾਂ ਨੇ ਅਰਥੀ ਫੂਕੀ
ਸਾਦਿਕ (ਗੁਰਪ੍ਰੀਤ ਸਿੰਘ): ਕਿਸਾਨਾਂ ’ਤੇ ਹਰਿਆਣਾ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਸਾਦਿਕ ਵੱਲੋਂ ਬਲਾਕ ਪ੍ਰਧਾਨ ਜਗਸੀਰ ਸਿੰਘ ਸਾਧੂਵਾਲਾ ਦੀ ਅਗਵਾਈ ਹੇਠ ਪਿੰਡ ਸ਼ੇਰ ਸਿੰਘ ਵਾਲਾ ਵਿੱਚ ਪੁਲੀਸ ਅਤੇ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ । ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ’ਤੇ ਦਰਜ ਸਾਰੇ ਮੁਕੱਦਮੇ ਤੁਰੰਤ ਰੱਦ ਕੀਤੇ ਜਾਣ। ਇਸ ਦੌਰਾਨ ਬਖਤੌਰ ਸਿੰਘ ਸਾਦਿਕ, ਕੁਲਦੀਪ ਸਿੰਘ , ਗਮਦੂਰ ਸਿੰਘ ਤੇ ਗੁਰਮੀਤ ਸਿੰਘ ਹਾਜ਼ਰ ਸਨ।