ਜੋਗਿੰਦਰ ਸਿੰਘ ਮਾਨ
ਮਾਨਸਾ, 1 ਜੁਲਾਈ
ਬੀਤੀ ਸ਼ਾਮ ਤੋਂ ਪੈਣ ਲੱਗੇ ਹਲਕੇ-ਫੁਲਕੇ ਮੀਂਹ ਨੇ ਮਾਨਸਾ ਪ੍ਰਸ਼ਾਸ਼ਨ ਦੇ ਪ੍ਰਬੰਧਾਂ ਦੀ ਪੋਲ-ਖੋਲ੍ਹ ਕੇ ਰੱਖ ਦਿੱਤੀ ਹੈ। ਨਗਰ ਕੌਂਸਲ ਦੇ ਸਾਰੇ ਪ੍ਰਬੰਧ ਧਰੇ-ਧਰਾਏ ਰਹਿ ਗਏ। ਸਵੇਰ 9 ਵਜੇ ਦੇ ਹਟੇ ਮੀਂਹ ਨਾਲ ਦੇਰ ਸ਼ਾਮ ਤੱਕ ਸ਼ਹਿਰ ਦੇ ਬੱਸ ਸਟੈਂਡ ਹੋਰ ਸਾਰੇ ਮੁੱਖ ਮਾਰਗਾਂ ’ਤੇ ਜਲ-ਥਲ ਹੋਇਆ ਪਿਆ ਸੀ, ਜਿਸ ਕਾਰਨ ਲੰਘਣ-ਟੱਪਣ ਵਾਲਿਆਂ ਨੂੰ ਵੱਡੀ ਤਕਲੀਫ਼ ਦਾ ਸਾਹਮਣਾ ਕਰਨਾ ਪਿਆ ਹੈ। ਸੀਵਰੇਜ ਜਾਮ ਕਾਰਨ ਗੰਦਾ ਪਾਣੀ, ਮੀਂਹ ਦੇ ਪਾਣੀ ਵਿਚ ਰਲ ਗਿਆ, ਜਿਸ ਨੇ ਲੋਕਾਂ ਨੂੰ ਵੱਡੀ ਸਮੱਸਿਆ ਸਹੇੜ ਧਰੀ। ਡਿਪਟੀ ਕਮਿਸ਼ਨਰ ਦੇ ਘਰ ਕੋਲ ਮੁੱਖ ਮਾਰਗਾਂ ਤੋਂ ਪਾਣੀ ਨੂੰ ਟਰੈਕਟਰ ਚਲਾ ਕੇ ਪੰਪਾਂ ਰਾਹੀਂ ਨੀਵੇਂ ਥਾਵਾਂ ’ਤੇ ਕੱਢਿਆ ਗਿਆ।ਬੇਸ਼ੱਕ ਨਗਰ ਕੌਂਸਲ ਨੇ ਮੀਂਹਾਂ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਗਿਆ ਸੀ, ਪਰ ਅੱਜ ਪਏ ਮੀਂਹ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਜੋਗੇ ਨਹੀਂ ਛੱਡਿਆ, ਕਿਉਂਕਿ ਸ਼ਹਿਰ ਦੇ ਹਰ ਹਿੱਸੇ ਵਿਚਲੀਆਂ ਗਲੀਆਂ ਵਿਚ ਮੀਂਹ ਦਾ ਪਾਣੀ ਭਰ ਗਿਆ ਸੀ। ਸ਼ਹਿਰ ਦੇ ਅੰਡਰਬਰਿੱਜ ’ਚ ਵੱਡੀ ਮਾਤਰਾ ’ਚ ਪਾਣੀ ਜਮ੍ਹਾਂ ਹੋਣ ਕਾਰਨ ਦੋ ਪਹੀਆ ਵਾਹਨਾਂ ਲਈ ਵੱਡੀ ਮੁਸੀਬਤ ਬਣ ਗਈ। ਕਈਆਂ ਦੇ ਸਕੂਟਰ-ਮੋਟਰ ਸਾਈਕਲ ਇਸ ਪਾਣੀ ਵਿਚ ਬੰਦ ਹੋ ਗਏ। ਕਈ ਮੁਹੱਲਿਆਂ ਵਿਚ ਮੀਂਹ ਦਾ ਪਾਣੀ ਗਲੀਆਂ ਭਰਨ ਤੋਂ ਬਾਅਦ ਘਰਾਂ ਵਿਚ ਦਾਖਲ ਹੋ ਗਿਆ, ਲੋਕਾਂ ਨੂੰ ਇਹ ਪਾਣੀ ਘਰਾਂ ’ਚੋਂ ਬਾਲਟੀਆਂ ਨਾਲ ਬਾਹਰ ਕੱਢਣਾ ਪਿਆ। ਸੀਵਰੇਜ ਬੋਰਡ ਦੇ ਅਧਿਕਾਰੀ ਤੇ ਕਰਮਚਾਰੀ ਨਿਕਾਸੀ ਪ੍ਰਬੰਧਾਂ ਦੇ ਜਾਮ ਹੋਣ ਤੋਂ ਬਾਅਦ ਵੀ ਕਿਧਰੇ ਹਰਕਤ ਵਿਚ ਨਜਰ ਨਹੀਂ ਆਏ। ਮੀਂਹ ਮਗਰੋਂ ਸੜਕਾਂ ’ਤੇ ਭਰੇ ਪਾਣੀ ਕਾਰਨ ਸਕੂਲ-ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਹੋਈ।