ਜੋਗਿੰਦਰ ਸਿੰਘ ਮਾਨ
ਮਾਨਸਾ, 16 ਫਰਵਰੀ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ.ਦਰਸ਼ਨ ਪਾਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਹਰ ਵਾਰ ਸਿਰਫ਼ ਚਿਹਰੇ ਹੀ ਬਦਲਦੇ ਹਨ ਜਦਕਿ ਰਾਜ ਪ੍ਰਬੰਧ ਜਿਉਂ ਦਾ ਤਿਉਂ ਹੀ ਕਾਇਮ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਉੱਪਰ ਡਬਲਿਯੂਟੀਓ ਵਰਗੀਆਂ ਵਿਸ਼ਵ ਪੱਧਰੀਆਂ ਸੰਸਥਾਵਾਂ ਦਾ ਕਬਜ਼ਾ ਹੈ, ਜੋ ਆਪਣੀ ਮਰਜ਼ੀ ਮੁਤਾਬਕ ਸਰਕਾਰਾਂ ਤੋਂ ਕਾਨੂੰਨ ਲਾਗੂ ਕਰਵਾਉਂਦੀਆਂ ਹਨ, ਜਿਸ ਲਈ ਇਨ੍ਹਾਂ ਪਾਰਟੀਆਂ ਤੋਂ ਭਲੇ ਦੀ ਝਾਕ ਛੱਡਦਿਆਂ ਆਪਣੇ ਲੋਕ ਸੰਘਰਸ਼ਾਂ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਉਹ ਮਾਨਸਾ ਨੇੜਲੇ ਪਿੰਡ ਬੱਪੀਆਣਾ ਵਿੱਚ ਜਥੇਬੰਦੀ ਦੀ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਦੌਰਾਨ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਕੋਈ ਵੀ ਅਜਿਹੀ ਸਿਆਸੀ ਪਾਰਟੀ ਨਹੀਂ, ਜੋ ਸੰਸਾਰ ਪੱਧਰੇ ਪੂੰਜੀਵਾਦੀ ਜਾਲ ਤੋਂ ਭਾਰਤ ਨੂੰ ਮੁਕਤੀ ਦੁਆ ਸਕਦੀ ਹੋਵੇ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਲੜੇ ਗਏ ਸਾਲ ਭਰ ਤੋਂ ਵੱਧ ਅੰਦੋਲਨ ਵਿੱਚ ਕਿਸਾਨਾਂ ਨੇ ਤਿੰਨੇ ਕਿਸਾਨ ਮਾਰੂ ਕਾਨੂੰਨ ਰੱਦ ਕਰਵਾਏ ਹਨ, ਪਰ ਹਾਲੇ ਐਮਐਸਪੀ ਅਤੇ ਕਿਸਾਨਾਂ ਦੇ ਕਰਜ਼ੇ ਸਬੰਧੀ ਬਾਕੀ ਮੰਗਾਂ ਖੜ੍ਹੀਆਂ ਹਨ, ਜਿਨ੍ਹਾਂ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਕਾਇਦਾ ਅੰਦੋਲਨ ਜਾਰੀ ਹੈ। ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਅਰ ਨੇ ਕਿਹਾ ਕਿ ਅੰਦੋਲਨ ਦੌਰਾਨ ਕਿਸਾਨਾਂ ਉਪਰ ਮੜ੍ਹੇ ਗਏ ਕੇਸ ਵਾਪਸ ਕਰਵਾਉਣ ਅਤੇ ਲਖੀਮਪੁਰ ਖੀਰੀ ਕਿਸਾਨ ਕਤਲੇਆਮ ਦੇ ਕਥਿਤ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਜ਼ਿਲ੍ਹਾ ਜਰਨਲ ਸਕੱਤਰ ਭਜਨ ਸਿੰਘ ਘੁੰਮਣ ਨੇ ਨਿਭਾਈ। ਇਸ ਮੌਕੇ ਗੁਰਮੀਤ ਸਿੰਘ ਦਿੱਤੂਪੁਰ, ਪ੍ਰੋ. ਬਾਵਾ ਸਿੰਘ, ਰੇਸ਼ਮ ਸਿੰਘ ਮਿੱਢਾ, ਅਵਤਾਰ ਸਿੰਘ ਮਹਿਮਾ, ਦਰਸ਼ਨ ਸਿੰਘ ਟਾਹਲੀਆਂ, ਸਵਰਨਜੀਤ ਸਿੰਘ ਸੰਗਰੂਰ ਤੇ ਸੰਜੀਵ ਮਿੰਟੂ ਨੇ ਸੰਬੋਧਨ ਕੀਤਾ।