ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 26 ਨਵੰਬਰ
ਦੇਸ਼ ਭਰ ਦੀਆਂ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫ਼ੈਡਰੇਸ਼ਨਾਂ ਦੇ ਸਾਂਝੇ ਸੱਦੇ ਤਹਿਤ ਅੱਜ ਦੀ ਦੇਸ਼ ਵਿਆਪੀ ਹੜਤਾਲ ਨੂੰ ਸਫ਼ਲ ਬਣਾਉਂਦਿਆਂ ਜਨਤਕ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਗੁਰਬਖਸ਼ ਸਿੰਘ ਯਾਦਗਰੀ ਭਵਨ ਨਿਹਾਲ ਸਿੰਘ ਵਾਲਾ ਵਿੱਚ ਮੀਟਿੰਗ ਹੋਈ ਅਤੇ ਸ਼ਹਿਰ ਵਿੱਚ ਰੋਸ ਮਾਰਚ ਕਰਕੇ ਐੱਸਡੀਐੱਮ ਦਫ਼ਤਰ ਮੂਹਰੇ ਪ੍ਰਦਰਸ਼ਨ ਕੀਤਾ। ਆਗੂਆਂ ਨੇ ਨਵੇਂ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ 2020, ਨਵੇਂ ਕਿਰਤ ਕਾਨੂੰਨ ਰੱਦ ਕਰਨ, ਵਿਭਾਗਾਂ ਦਾ ਸਰਕਾਰੀਕਰਨ ਕਰਨ, ਸਮੂਹ ਵਿਭਾਗਾਂ ਵਿੱਚ ਪੱਕੀ ਭਰਤੀ ਕਰਨ ਦੀ ਮੰਗ ਕੀਤੀ।
ਬਠਿੰਡਾ (ਮਨੋਜ ਸ਼ਰਮਾ): ਅੱਜ ਕੇਂਦਰੀ ਟਰੇਡ ਯੂਨੀਅਨ ਦੇ ਸੱਦੇ ’ਤੇ ਅੱਜ ਬਠਿੰਡਾ ਵਿੱਚ ਸਾਰਾ ਦਿਨ ਜਥੇਬੰਦੀਆਂ ਵੱਲੋਂ ਸ਼ਹਿਰ ’ਚ ਰੋਸ ਮਾਰਚ ਦੇ ਨਾਲ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਹੁੰਦੀ ਰਹੀ। ਅੱਜ ਬਠਿੰਡਾ ਦੀ ਗਾਂਧੀ ਮਾਰਕੀਟ ਵਿੱਚ ਮੈਡੀਕਲ ਸੇਲਜ਼ ਅਫ਼ਸਰ ਵੱਲੋਂ ਜਥੇਬੰਦੀ ਦੇ ਝੰਡੇ ਹੇਠ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸੇ ਤਰ੍ਹਾਂ ਬਠਿੰਡਾ ਡਿੱਪੂ ਦੀ 5 ਜਥੇਬੰਦੀਆਂ ਏਟਕ , ਇੰਟਕ , ਕਰਮਚਾਰੀ ਦਲ, ਐੱਸਬੀਸੀ ਸਮੇਤ ਸੇਵਾ-ਮੁਕਤ ਮੁਲਾਜ਼ਮ ਨੇ ਬੱਸ ਸਟੈਂਡ ਦੇ ਗੇਟ ਅੱਗੇ ਧਰਨਾ ਲਗਾ ਕੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਆਲ ਇੰਡੀਆ ਆਂਗਨਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ (ਏਟਕ) ਵੱਲੋਂ ਅੱਜ ਦੇਸ਼ ਪੱਧਰੀ ਹੜਤਾਲ ਦਾ ਸਮਰਥਨ ਕਰਦੇ ਹੋਏ ਸ਼ਹਿਰ ਦੇ ਬਾਜ਼ਾਰਾਂ ’ਚ ਰੋਸ ਰੈਲੀ ਕੱਢੀ ਗਈ। ਇਸ ਰੈਲੀ ਦੀ ਅਗਵਾਈ ਕ੍ਰਿਸ਼ਨਾ ਬਸਤੀ ਭੁੰਮਣਸ਼ਾਹ ਤੇ ਦੁਰਗਾ ਲੱਧੂਵਾਲਾ ਨੇ ਕੀਤੀ ਅਤੇ ਸ਼ਹੀਦ ਊਧਮ ਸਿੰਘ ਚੌਕ ’ਚ ਕੇਂਦਰ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ।
ਬਰੇਟਾ (ਸਤ ਪ੍ਰਕਾਸ਼): ਇਥੇ ਸਬ-ਡਿਵੀਜ਼ਨ ਬਰੇਟਾ ਅੰਦਰ ਸਮੂਹ ਮੁਲਾਜ਼ਮਾਂ ਨੇ ਇੱਕਠੇ ਹੋ ਕੇ ਰੋਸ ਰੈਲੀ ਕੀਤੀ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ, ਕਿਰਤ ਵਿਰੋਧੀ ਅਤੇ ਮੁਲਾਜ਼ਮ ਵਿਰੋਧੀ ਬਣਾਏ ਕਾਨੂੰਨਾਂ ਦਾ ਵਿਰੋਧ ਕੀਤਾ।
ਸਰਦੂਲਗੜ੍ਹ (ਬਲਜੀਤ ਸਿੰਘ): ਇਥੇ ਸਿਵਲ ਹਸਪਤਾਲ ਸਰਦੂਲਗੜ੍ਹ ਵਿੱਚ ਮਜ਼ਦੂਰਾਂ-ਮੁਲਾਜ਼ਮਾਂ ਵੱਲੋਂ ਰੈਲੀ ਕੀਤੀ ਗਈ, ਜਿਸ ਵਿੱਚ ਸੀਟੀਯੂ ਪੰਜਾਬ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ, ਸਫ਼ਾਈ ਸੇਵਕ ਯੂਨੀਅਨ ਸਬੰਧਿਤ ਪੰਜਾਬ ਸਟੇਟ ਸਰਵਿਸ ਫੈਡਰੇਸ਼ਨ ਅਤੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਵਰਕਰਾਂ ਨੇ ਸ਼ਮੂਲੀਅਤ ਕੀਤੀ।
ਭੀਖੀ (ਪੱਤਰ ਪ੍ਰੇਰਕ): ਸਥਾਨਕ ਨਗਰ ਪੰਚਾਇਤ ਦੇ ਸਫ਼ਾਈ ਕਾਮਿਆਂ ਵੱਲੋਂ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਸਫ਼ਾਈ ਸੇਵਕ ਯੂਨੀਅਨ ਇਕਾਈ ਭੀਖੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ।
ਫਾਜ਼ਿਲਕਾ (ਪਰਮਜੀਤ ਸਿੰਘ): ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵੱਲੋਂ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਅਤੇ ਕਿਸਾਨੀ ਸੰਘਰਸ਼ ਦੇ ਸਮਰਥਨ ’ਚ ਅੱਜ ਜ਼ਿਲ੍ਹਾ ਫਾਜ਼ਿਲਕਾ ਦੇ ਠੇਕਾ ਮੁਲਾਜ਼ਮਾਂ ਵੱਲੋਂ ਫਾਜ਼ਿਲਕਾ ਦੇ ਬਾਜ਼ਾਰਾਂ ’ਚ ਰੈਲੀ ਕੱਢ ਕੇ, ਜਿੱਥੇ ਰੋਸ ਮੁਜ਼ਾਹਰਾ ਕੀਤਾ ਗਿਆ, ਉੱਥੇ ਹੀ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸੇ ਤਰ੍ਹਾਂ ਅੱਜ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਫਾਜ਼ਿਲਕਾ ਵੱਲੋਂ ਬਲਾਕ ਪੱਧਰ ’ਤੇ ਪ੍ਰਦਰਸ਼ਨ ਕੀਤਾ।
ਸਿਰਸਾ (ਪ੍ਰਭੂ ਦਿਆਲ): ਰਾਸ਼ਟਰ ਪੱਧਰੀ ਹੜਤਾਲ ਨੂੰ ਸਿਰਸਾ ’ਚ ਭਰਵਾਂ ਹੁੰਗਾਰਾ ਮਿਲਿਆ। ਸਰਵ ਕਰਮਚਾਰੀ ਸੰਘ ਅਤੇ ਸੀਟੂ ਸਮੇਤ ਅਨੇਕ ਸੰਗਠਨਾਂ ਨੇ ਅੱਜ ਰਾਸ਼ਟਰ ਪੱਧਰੀ ਹੜਤਾਲ ਵਿੱਚ ਸ਼ਾਮਿਲ ਹੁੰਦੇ ਹੋਏ ਸਿਰਸਾ ਟਾਊਨ ਪਾਰਕ ਵਿੱਚ ਇੱਕਜੁਟ ਹੋ ਕੇ ਪ੍ਰਦਰਸ਼ਨ ਕੀਤਾ
ਕਾਲਾਂਵਾਲੀ (ਪੱਤਰ ਪ੍ਰੇਰਕ): ਰਾਸ਼ਟਰ ਪੱਧਰੀ ਹੜਤਾਲ ਦਾ ਮੰਡੀ ਕਾਲਾਂਵਾਲੀ ’ਚ ਸਰਵ ਕਰਮਚਾਰੀ ਸੰਘ ਵੱਲੋਂ ਅਨਾਜ ਮੰਡੀ ਵਿੱਚ ਇੱਕ ਵਿਚਾਰ ਗੋਸ਼ਟੀ ਕਰਵਾਈ ਗਈ।
ਜ਼ੀਰਾ (ਪੱਤਰ ਪ੍ਰੇਰਕ): ਪੰਜਾਬ ਰੋਡਵੇਜ਼ /ਪਨਬੱਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਦੇਸ਼ ਵਿਆਪੀ ਹੜੜਤਾਲ ਅਤੇ ਕਿਸਾਨੀ ਸਮਰਥਨ ਵਿੱਚ ਜਥੇਬੰਦੀ ਦੇ ਵਰਕਰਾਂ ਵੱਲੋਂ ਚੱਕਾ ਜਾਮ ਕਰਕੇ ਬੱਸ ਅੱਡਾ ਜ਼ੀਰਾ ਬੰਦ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜਗਦੀਪ ਸਿੰਘ, ਜਰਨਲ ਸਕੱਤਰ ਬੂਟਾ ਸਿੰਘ ਵੜੈਚ ਆਦਿ ਨੇ ਸੰਬੋਧਨ ਕੀਤਾ।
ਬਿਜਲੀ ਮੁਆਜ਼ਮਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ
ਭੁੱਚੋ ਮੰਡੀ (ਪੱਤਰ ਪ੍ਰੇਰਕ): ਐਂਪਲਾਈਜ਼ ਫੈਡਰੇਸ਼ਨ (ਪਹਿਲਵਾਨ) ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵੱਲੋਂ ਕੇਂਦਰੀ ਟਰੇਡ ਯੂਨੀਅਨਾਂ ਦੀ ਇੱਕ ਰੋਜਾ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਵਿੱਚ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟ ਕੀਤਾ ਗਿਆ। ਫੈਡਰੇਸ਼ਨ ਦੇ ਪ੍ਰਧਾਨ ਅਤੇ ਸੂਬਾ ਮੀਤ ਪ੍ਰਧਾਨ ਬਲਜੀਤ ਸਿੰਘ ਬਰਾੜ ਬੋਦੀ ਵਾਲਾ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਮੰਨਵਾਉਣ ਲਈ ਪਾਵਰਕੌਮ ਦੇ ਪ੍ਰਬੰਧਕਾਂ ਖ਼ਿਲਾਫ਼ ਸੰਘਰਸ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਆਗੂ ਦਲਜੀਤ ਭੁੱਲਰ, ਤਰਸੇਮ ਸਿੰਘ, ਨਿਰਭੈ ਸਿੱਧ, ਸਤਪਾਲ ਸਿੱਧੂ ਹਰਵਿੰਦਰ ਸਿੱਧੂ, ਸਰਬਜੀਤ ਸਿੱਧ, ਸੰਜੇ ਸਰਮਾਂ ਅਤੇ ਅਜੈਬ ਸਿੰਘ ਪੱਕਾ ਹਾਜ਼ਰ ਸਨ। ਇਸੇ ਤਰ੍ਹਾਂ ਸਫ਼ਾਈ ਸੇਵਕ ਯੂਨੀਅਨ ਵੱਲੋਂ ਸੂਬਾ ਕਮੇਟੀ ਦੇ ਸੱਦੇ ’ਤੇ ਕੇਂਦਰੀ ਟਰੇਡ ਯੂਨੀਅਨਾਂ ਦੀ ਇੱਕ ਰੋਜਾ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਵਿੱਚ ਅੱਜ ਕੰਮਕਾਜ ਠੱਪ ਕਰਕੇ ਨਗਰ ਕੌਂਸਲ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
‘ਸੀਟੂ’ ਵੱਲੋਂ ਦੇਸ਼-ਵਿਆਪੀ ਹੜਤਾਲ ਦੀ ਹਮਾਇਤ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ‘ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ’ ਵੱਲੋਂ ਦੇਸ਼ ਵਿਆਪੀ ਹੜਤਾਲ ਦੀ ਹਮਾਇਤ ਵਿੱਚ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਮੁਜ਼ਾਹਰਾ ਕੀਤਾ। ਇਸ ਮੌਕੇ ਯੂਨੀਅਨ ਦੇ ਆਗੂ ਅੰਮ੍ਰਿਤਪਾਲ ਕੌਰ, ਨੀਨਾ ਰਾਣੀ, ਵੀਰਪਾਲ ਕੌਰ, ਬਿੰਦਰ ਕੌਰ ਸੋਥਾ, ਕਰਮਜੀਤ ਕੌਰ ਚੱਕ ਗਿਲਜੇਵਾਲਾ, ਪਰਮਜੀਤ ਕੌਰ, ਬਲਰੂਪ ਕੌਰ, ਸੰਤਰੋ ਗਿਲਜੇਵਾਲਾ, ਸਵਿਤਾ ਫੱਕਰਸਰ, ਸੁਰਜੀਤ ਕੌਰ ਸ਼ੇਖ, ਰੁਕਮਦਾਸ, ਹਰਵਿੰਦਰ ਸਿੰਘ, ਤਰਸੇਮ ਸਿੰਘ, ਇੰਦਰਜੀਤ ਸਿੰਘ ਤੇ ਕੁਲਵੰਤ ਸਿੰਘ ਹੋਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਦੀ ਹਮਾਇਤ ਕੀਤੀ।