ਸ੍ਰੀ ਮੁਕਤਸਰ ਸਾਹਿਬ: ਬਲਾਕ ਸਮਿਤੀ ਸ੍ਰੀ ਮੁਕਤਸਰ ਸਾਹਿਬ ਦੀ ਕਰੀਬ ਦੋ ਸਾਲ ਪਹਿਲਾਂ ਨਾਮਜ਼ਦ ਚੇਅਰਪਰਸਨ ਜਸਵਿੰਦਰ ਕੌਰ ਉਦੇਕਰਨ ਨੂੰ ਅੱਜ ਕਾਂਗਰਸ ਦੇ ਹੀ ਮੈਂਬਰਾਂ ਵੱਲੋਂ ਬੇਭਰੋਸਗੀ ਦਾ ਮਤਾ ਪਾਸ ਕਰਦਿਆਂ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ। ਬਲਾਕ ਸਮਿਤੀ ਮੈਂਬਰ ਮਨਿੰਦਰ ਸਿੰਘ ਮਨੀ ਚੜ੍ਹੇਵਾਨ ਨੇ ਦੱਸਿਆ ਕਿ ਚੇਅਰਪਰਸਨ ਅਕਾਲੀ ਦਲ ਦੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਮਿਲੀ ਭੁਗਤ ਨਾਲ ਕਾਂਗਰਸ ਸਰਕਾਰ ਦਾ ਅਕਸ ਖਰਾਬ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਅਰਜ਼ੀ ’ਤੇ ਕਾਰਵਾਈ ਕਰਦਿਆਂ ਅੱਜ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ ਦੀ ਅਗਵਾਈ ਹੇਠ ਇਹ ਬੈਠਕ ਹੋਈ ਸੀ। ਬਾਅਦ ਵਿੱਚ ਕਾਂਗਰਸ ਦੇ ਸਾਰੇ 18 ਮੈਂਬਰ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਘਰ ਪੁੱਜੇ ਤੇ ਉਨ੍ਹਾਂ ਨੂੰ ਨਵੀਂ ਚੇਅਰਪਰਸਨ ਨਾਮਜ਼ਦ ਕਰਨ ਲਈ ਅਪੀਲ ਕੀਤੀ। -ਨਿੱਜੀ ਪੱਤਰ ਪ੍ਰੇਰਕ