ਰਵਿੰਦਰ ਰਵੀ
ਬਰਨਾਲਾ, 14 ਜੁਲਾਈ
ਸਥਾਨਕ ਕੇ.ਸੀ.ਰੋਡ ’ਤੇ ਈਜ਼ੀ ਡੇਅ ਲਾਗੇ ਡਰਾਈਕਲੀਨ ਦਾ ਕੰਮ ਕਰਦੇ ਦੁਕਾਨਦਾਰ ਨੇ ਘਰ ਦੇ ਸਾਹਮਣੇ ਰਹਿੰਦੇ ਫੋਟੋਗ੍ਰਾਫਰ ’ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ ਤੇ ਫਰਾਰ ਹੋ ਗਿਆ। ਪੀੜਤ ਵਿਅਕਤੀ ਨੂੰ ਤੁਰੰਤ ਜ਼ਿਲ੍ਹਾ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖਲ ਕਰਵਾਇਆ ਗਿਆ। ਪੀੜਤ ਦਾ ਇਲਾਜ ਕਰ ਰਹੇ ਡਾਕਟਰਾਂ ਅਨੁਸਾਰ ਮਰੀਜ਼ ’ਤੇ ਤੇਜ਼ਾਬ ਪੈਣ ਕਾਰਨ ਕਾਫੀ ਜਖ਼ਮ ਹੋ ਗਏ ਹਨ। ਮਰੀਜ਼ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਕੇ.ਸੀ.ਰੋਡ ’ਤੇ ਈਜ਼ੀ ਡੇਅ ਲਾਗੇ ਨਿਊ ਬੈਂਡ ਬਾਕਸ ਦੇ ਨਾਮ ’ਤੇ ਡਰਾਈਕਲੀਨ ਦਾ ਕੰਮ ਕਰਦਾ ਪ੍ਰੇਮ ਕੁਮਾਰ ਘਰ ਦੇ ਸਾਹਮਣੇ ਰਹਿੰਦੇ ਫੋਟੋਗ੍ਰਾਫਰ ਵਿਸ਼ਾਲ ਕੁਮਾਰ ਉਰਫ਼ ਸੋਨੂੰ ’ਤੇ ਤੇਜ਼ਾਬ ਨਾਲ ਹਮਲਾ ਕਰਕੇ ਫਰਾਰ ਹੋ ਗਿਆ। ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਨੇ ਇੱਕਠੇ ਹੋ ਕੇ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। ਘਟਨਾ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ ਗਿਆ। ਪੁਲੀਸ ਨੇ ਮੁਲਜ਼ਮ ਪ੍ਰੇਮ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਸਿਟੀ ਇੰਚਾਰਜ ਲਖਵਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮ ਪ੍ਰੇਮ ਕੁਮਾਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।