ਪੱਤਰ ਪ੍ਰੇਰਕ
ਮਾਨਸਾ, 14 ਅਗਸਤ
ਨੈਸ਼ਨਲ ਯੂਥ ਐਵਾਰਡ ਫੈਡਰੇਸ਼ਨ ਆਫ ਇੰਡੀਆ ਵੱਲੋਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਤੇ ਪ੍ਰੋਗਰਾਮ ਅਧਿਕਾਰੀ ਡਾ. ਸੰਦੀਪ ਘੰਡ ਨੂੰ ਸਮਾਜ ਸੇਵਾ ਲਈ, ਸਰਕਾਰੀ ਸੈਕੰਡਰੀ ਸਕੂਲ ਭੈਣੀਬਾਘਾ ਦੇ ਕਾਰਜਕਾਰੀ ਪ੍ਰਿੰਸੀਪਲ ਯੋਗਿਤਾ ਜੋਸ਼ੀ ਨੂੰ ਸਿੱਖਿਆ ਖੇਤਰ ਅਤੇ ਮਨੋਜ ਕੁਮਾਰ ਗਰਗ ਨੂੰ ਲੋਕ ਭਲਾਈ ਕਾਰਜਾਂ ’ਚ ਯੂਥ ਆਈਕਨ ਨੈਸ਼ਨਲ ਐਵਾਰਡ ਨਾਲ ਸਨਮਾਨਿਆ ਗਿਆ ਹੈ। ਇਹ ਐਵਾਰਡ ਨਵੀਂ ਦਿੱਲੀ ਦੇ ਮਹਾਰਾਸ਼ਟਰ ਸਦਨ ਵਿੱਚ ਕੇਂਦਰੀ ਉਦਯੋਗ ਮੰਤਰੀ ਮਹਿੰਦਰਨਾਥ ਪਾਂਡੇ ਸਮਾਜਿਕ ਨਿਆਂ ਮੰਤਰੀ ਰਾਮਦਾਸ ਅਠਵਾਲੇ ਵੱਲੋਂ ਦਿੱਤਾ ਗਿਆ।
ਸੰਦੀਪ ਘੰਡ ਪਿਛਲੇ 32 ਸਾਲ ਤੋਂ ਮਾਨਸਾ ਜ਼ਿਲ੍ਹੇ ਵਿੱਚ ਸਮਾਜ ਸੇਵਾ ਦੀਆਂ ਗਤੀਵਿਧੀਆਂ ਕਰ ਰਹੇ ਹਨ। ਕੋਵਿਡ ਦੌਰਾਨ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਲੱਬਾਂ ਦੇ ਸਹਿਯੋਗ ਨਾਲ ਵੱਡੇ ਕਾਰਜ ਕੀਤੇ ਗਏ। ਯੋਗਿਤਾ ਜੋਸ਼ੀ ਵੀ ਪਿਛਲੇ 18 ਸਾਲ ਤੋਂ ਸਿੱਖਿਆ ਅਤੇ ਸਮਾਜ ਦੇ ਖੇਤਰ ਲਈ ਕੰਮ ਕਰ ਰਹੇ ਹਨ। ਨਹਿਰੂ ਯੁਵਾ ਕੇਂਦਰ ਮਾਨਸਾ ਦੇ ਹੀ ਵਾਲੰਟੀਅਰ ਮਨੋਜ ਕੁਮਾਰ ਗਰਗ ਪਿੰਡ ਛਾਪਿਆਂਵਾਲੀ ’ਚ 10 ਵਰ੍ਹਿਆਂ ਤੋਂ ਲੋਕ ਭਲਾਈ ਕਾਰਜਾਂ ’ਚ ਲੱਗੇ ਹਨ। ਐਵਾਰਡ ਮਿਲਣ ਤੋਂ ਬਾਅਦ ਨਹਿਰੂ ਯੁਵਾ ਕੇਂਦਰ ਮਾਨਸਾ ਵਿੱਚ ਸਿੱਖਿਆ ਵਿਕਾਸ ਮੰਚ ਅਤੇ ਮਾਨਸਾ ਰੂਰਲ ਯੂਥ ਕਲੱਬ ਐਸੋਸ਼ੇਸਨ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੱਧੂ ਨੇ ਕਿਹਾ ਕਿ ਇਹ ਐਵਾਰਡ ਮਿਲਣ ਨਾਲ ਹੋਰਨਾਂ ਨੌਜਵਾਨਾਂ ਨੂੰ ਵੀ ਉਤਸ਼ਾਹ ਮਿਲੇਗਾ।