ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਜੂਨ
ਧਰਮਕੋਟ ਨਗਰ ਕੌਂਸਲ ਵਿੱਚ ਕੰਪਿਊਟਰ ਅਪਰੇਟਰ ਸਾਜਨ ਨਾਮ ਦੇ ਨੌਜਵਾਨ ਦੀ ਲਾਸ਼ ਬੀਤੀ ਸ਼ਾਮ ਜੰਝ ਘਰ ਵਿੱਚੋਂ ਮਿਲੀ ਹੈ। ਮਾਪਿਆਂ ਦਾ ਦੋਸ਼ ਹੈ ਕਿ ਸਾਜਨ ਦੀ ਮੌਤ ਲਈ ਕੌਂਸਲ ਅਧਿਕਾਰੀ ਸਮੇਤ ਤਿੰਨ ਵਿਅਕਤੀਆਂ ਜ਼ਿੰਮੇਵਾਰ ਹਨ। ਇਨ੍ਹਾਂ ਖ਼ਿਲਾਫ਼ ਕਾਰਵਾਈ ਲਈ ਮਾਪਿਆਂ ਨੇ ਪੁੱਤਰ ਦੀ ਲਾਸ਼ ਰੱਖ ਕੇ ਕੌਂਸਲ ਅੱਗੇ ਧਰਨਾ ਦਿੱਤਾ।
ਡੀਐੱਸਪੀ ਧਰਮਕੋਟ ਸੁਬੇਗ ਸਿੰਘ ਨੇ ਕਿਹਾ ਕਿ ਪਰਿਵਾਰ ਦਾ ਬਿਆਨ ਲਿਖ ਕੇ ਪੋਸਟ ਮਾਰਟਮ ਲਈ ਰਾਜ਼ੀ ਕਰ ਲਿਆ ਗਿਆ ਹੈ। ਪੋਸਟ ਮਾਰਟਮ ਰਿਪੋਰਟ ਮੁਤਾਬਕ ਜੋ ਕਾਨੂੰਨੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਂਜ ਪਰਿਵਾਰ ਨੇ ਕਾਰਜਕਾਰੀ ਅਫ਼ਸਰ ਤੇ ਦੋ ਹੋਰਾਂ ਉੱਤੇ ਦੋਸ਼ ਲਗਾਏ ਹਨ ਜਿਨ੍ਹਾਂ ਦੀ ਪੜਤਾਲ ਕੀਤੀ ਜਾਵੇਗੀ।
ਮ੍ਰਿਤਕ ਸਾਜਨ ਦੇ ਪਿਤਾ ਬਲਵਿੰਦਰ ਕੁਮਾਰ ਨੇ ਦੋਸ਼ ਲਾਇਆ ਕਿ ਲੜਕੇ ਨੂੰ ਕੌਂਸਲ ਅਧਿਕਾਰੀ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਉਸ ਦੀ ਕਿਸੇ ਗੱਲ ਤੋਂ ਕੁੱਟਮਾਰ ਵੀ ਕੀਤੀ ਗਈ। ਉਹ ਪ੍ਰੇਸ਼ਾਨ ਸੀ। ਉਹ ਕੱਲ੍ਹ ਖਾਣਾ ਖਾਣ ਦੁਪਹਿਰ ਵੇਲੇ ਜਦੋਂ ਘਰ ਨਹੀਂ ਪਹੁੰਚਿਆ ਤਾਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਉਸ ਦਾ ਫੋਨ ਵੀ ਨਹੀਂ ਮਿਲ ਰਿਹਾ ਸੀ। ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਖ਼ਾਲਸਾ ਜੰਝ ਘਰ ਵਿੱਚ ਇੱਕ ਨੌਜਵਾਨ ਲੰਮਾ ਪਿਆ ਹੋਇਆ ਹੈ ਤਾਂ ਪਰਿਵਾਰਕ ਮੈਂਬਰਾਂ ਨੇ ਉੱਥੇ ਜਾ ਕੇ ਦੇਖਿਆ ਤਾਂ ਉਹ ਸਾਜਨ ਸੀ, ਜਿਸ ਨੂੰ ਉਹ ਤੁਰਤ ਪ੍ਰਾਈਵੇਟ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਿਸ ’ਤੇ ਪਰਿਵਾਰ ਨੇ ਆਪਣੇ ਪੁੱਤਰ ਸਾਜਨ ਦੀ ਲਾਸ਼ ਨੂੰ ਨਗਰ ਕੌਂਸਲ ਦਫਤਰ ਮੂਹਰੇ ਰੱਖ ਕੇ ਧਰਨਾ ਦਿੱਤਾ ਅਤੇ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਪੀੜਤ ਪਰਿਵਾਰ ਕੋਲ ਜਾ ਕੇ ਉਨ੍ਹਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ।