ਪੱਤਰ ਪ੍ਰੇਰਕ
ਲੰਬੀ, 1 ਜੂਨ
ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਲਈ ਜਾਗਰੂਕਤਾ ਮੁਹਿੰਮ ’ਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਸ੍ਰੀ ਮੁਕਤਸਰ ਸਾਹਿਬ ਨੂੰ 11 ਫ਼ੀਸਦੀ ਸਫ਼ਲਤਾ ਮਿਲ ਚੁੱਕੀ ਹੈ। ਜ਼ਿਲ੍ਹੇ ’ਚ ਹੁਣ ਤੱਕ ਸਾਢੇ ਦਸ ਹਜ਼ਾਰ ਹੈਕਟੇਅਰ ਰਕਬਾ ਸਿੱਧੀ ਬੀਜਾਂਦ ਦੀ ਰਾਹ ਪੈ ਚੁੱਕਿਆ ਹੈ। ਜ਼ਿਲ੍ਹੇ ਦੇ ਖੇਤੀ ਬਲਾਕ ਸ੍ਰੀ ਮੁਕਤਸਰ ਸਾਹਿਬ ’ਚ 4190 ਹੈਕਟੇਅਰ, ਲੰਬੀ ’ਚ 1504 ਹੈਕਟੇਅਰ, ਮਲੋਟ ’ਚ 401 ਤੇ ਗਿੱਦੜਬਾਹਾ ਬਲਾਕ ’ਚ 4402 ਹੈਕਟੇਅਰ ਰਕਬਾ ਸਿੱਧੀ ਬੀਜਾਂਦ ਹਚੇਠ ਲਿਆਂਦਾ ਜਾ ਚੁੱਕੀ ਹੈ। ਜ਼ਿਲ੍ਹੇ ਅੰਦਰ ਸਿੱਧੀ ਬਿਜਾਈ ਤੇ ਕੱਦੂ ਕਰਕੇ ਲਗਾਇਆ ਜਾਣ ਵਾਲਾ ਝੋਨਾ ਤੇ ਬਾਸਮਤੀ ਦੀ ਕਾਸ਼ਤ ਹੇਠ 1.60 ਹੈਕਟੇਅਰ ਰਕਬਾ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਸਿੱਧੀ ਬੀਜਾਂਦ ਲਈ 93 ਹਜ਼ਾਰ ਹੈਕਟੇਅਰ ਟੀਚਾ ਮਿਲਿਆ ਹੈ। ਜ਼ਿਲ੍ਹੇ ’ਚ ਖੇਤੀ ਰਕਬਾ ਕਰੀਬ 2.15 ਲੱਖ ਹੈਕਟੇਅਰ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਝੋਨੇ ਦੀ ਸਿੱਧੀ ਬਿਜਾਈ ਲਈ ਅੱਜ ਲੰਬੀ ’ਚ ਸਰਪੰਚ ਤੇ ਕਿਸਾਨ ਗੁਰਦਾਸ ਸਿੰਘ ਧਾਲੀਵਾਲ ਦੇ ਖੇਤ ’ਚ ਜਾਗਰੂਕਤਾ ਕੈਂਪ ਲਾਇਆ। ਇਸ ਮੌਕੇ ਕਾਫ਼ੀ ਗਿਣਤੀ ’ਚ ਕਿਸਾਨ ਮੌਜੂਦ ਸਨ। ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਿੱਧੀ ਬੀਜਾਂਦ ਦੇ ਟੀਚੇ ਲਈ ਵਿਭਾਗ ਵੱਲੋਂ ਪਿੰਡ-2 ਜਾ ਕੇ ਕਿਸਾਨਾਂ ਨੂੰ ਉਤਸਾਹਤ ਕੀਤਾ ਜਾ ਰਿਹਾ ਹੈ ਤੇ ਤਕਨੀਕੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਦੋ ਵਾਰ ਸਰਹਿੰਦ ਫੀਡਰ ਨਹਿਰ ’ਚ ਪਾੜ ਪੈਣ ਕਰਕੇ ਸਿੱਧੀ ਬੀਜਾਂਦ ਪ੍ਰਭਾਵਿਤ ਹੋਈ ਹੈ। ਬਲਾਕ ਖੇਤੀਬਾੜੀ ਅਫਸਰ ਅਮਰ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੇ ਫਾਇਦੇ ਦੱਸਦੇ ਸਿੱਧੀ ਬਿਜਾਈ ਕਰਨ ਨਾਲ ਜ਼ਮੀਨ ਹੇਠਲੀ ਸਖਤ ਤੈਅ ਨਹੀਂ ਹੋਣ, ਪਾਣੀ ਦੀ ਬੱਚਤ, ਪਾਣੀ ਦਾ ਰੀਚਾਰਜ ਵੱਧ ਹੋਣ ਤੇ ਬਿਮਾਰੀਆਂ ਤੇ ਕੀੜੇ-ਮਕੌੜਿਆਂ ਦਾ ਹਮਲਾ ਘੱਟ ਹੋਣ ਬਾਰੇ ਜਾਣਕਾਰੀ ਦਿੱਤੀ ਗਈ।
ਏ.ਡੀ.ਓ. ਗੁਰਜੀਤ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ। ਏ.ਡੀ.ਓ ਮਨਮੀਤ ਸਿੰਘ ਤੇ ਸੁਖਚੈਨ ਸਿੰਘ ਨੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪੋਰਟਲ ‘ਤੇ ਰਜਿਸਟਰਡ ਹੋਣ ਲਈ ਜਾਣਕਾਰੀ ਦਿੱਤੀ।
ਡਿਪਟੀ ਕਮਿਸ਼ਨਰ ਨੇ ਝੋਨੇ ਦੀ ਸਿੱਧੀ ਬਿਜਾਈ ਕਰਵਾਈ
ਮਹਿਲ ਕਲਾਂ (ਪੱਤਰ ਪ੍ਰੇਰਕ) ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਨ ਲਈ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਹਰੀਸ਼ ਨਈਅਰ ਨੇ ਨੇੜਲੇ ਪਿੰਡ ਗੰਗੋਹਰ ਵਿਖੇ ਖੁਦ ਕਿਸਾਨਾਂ ਨਾਲ ਟਰੈਕਟਰ ‘ਤੇ ਬੈਠ ਕੇ ਝੋਨੇ ਦੀ ਸਿੱਧੀ ਬਿਜਾਈ ਕਰਵਾਈ।ਇਸ ਮੌਕੇ ਉਨਾਂ ਹੋਰ ਕਿਸਾਨਾਂ ਵੱਲੋਂ ਕੀਤੀ ਸਿੱਧੀ ਬਿਜਾਈ ਦੇ ਖੇਤਾਂ ਦਾ ਨਿਰੀਖਣ ਕੀਤਾ ਤੇ ਕਿਸਾਨਾਂ ਨੂੰ ਝੋੋਨੋ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਹਾ ਕਿ ਧਰਤੀ ਦੀ ਸਿਹਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ, ਧਰਤੀ ਹੇਠਲੇ ਪਾਣੀ ਦਾ ਪੱਧਰ ਕਾਫੀ ਥੱਲੇ ਜਾ ਚੁੱਕਾ ਹੈ ਇਸ ਲਈ ਕਿਸਾਨ ਝੋੋਨੇ ਦੀ ਸਿੱਧੀ ਬਿਜਾਈ ਕਰਨ ਜਿਸ ਨਾਲ ਪਾਣੀ ਦੀ ਬੱਚਤ, ਭੂਮੀਗਤ ਪਾਣੀ ਦਾ ਜ਼ਿਆਦਾ ਰੀਚਾਰਜ, ਘੱਟ ਬਿਮਾਰੀਆਂ, ਪਰਾਲੀ ਪ੍ਰਬੰਧਨ ਸੌਖਾ ਤੇ ਕਣਕ ਦਾ ਝਾੜ ਵੱਧ ਮਿਲਦਾ ਹੈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਬਲਬੀਰ ਚੰਦ, ਜ਼ਿਲ੍ਹਾ ਮਾਲ ਅਫਸਰ ਗਗਨਦੀਪ ਸਿੰਘ, ਬਲਾਕ ਖੇਤੀਬਾੜੀ ਅਫਸਰ ਡਾ. ਜਰਨੈਲ ਸਿੰਘ, ਬੀਟੀਐੱਮ ਸਨਵਿੰਦਰਪਾਲ ਸਿੰਘ ਬਰਾੜ ਨੇ ਵੀ ਕਿਸਾਨਾਂ ਨੂੰ ਫਸਲਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ।