ਨਿੱਜੀ ਪੱਤਰ ਪ੍ਰੇਰਕ
ਮਲੋਟ, 12 ਸਤੰਬਰ
ਡੀਐੱਸਪੀ ਮਲੋਟ ਬਲਕਾਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਮਲੋਟ ਸਿਟੀ ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਥਾਣਾ ਸਿਟੀ ਦੀ ਪੁਲੀਸ ਨੇ ਇਮ ਮਾਂ-ਪੁੱਤ ਨੂੰ ਹੈਰੋਇਨ ਸਮੇਤ ਕਾਬੂ ਕਰ ਲਿਆ।
ਥਾਣਾ ਸਿਟੀ ਦੀ ਪੁਲੀਸ ਨੇ ਵਾਰਡ ਨੰਬਰ 26, ਹਰਜਿੰਦਰ ਨਗਰ ਦੇ ਰਹਿਣ ਵਾਲੇ ਮਾਂ-ਪੁੱਤ ਲੱਛਮੀ ਅਤੇ ਰਮਨ ਕੁਮਾਰ ਨੂੰ 30 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ। ਇਸ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਲੱਖਾਂ ਰੁਪਏ ਬਣਦੀ ਹੈ। ਥਾਣਾ ਸਿਟੀ ਮਲੋਟ ਦੀ ਪੁਲੀਸ ਨੇ ਉਕਤ ਦੋਹਾਂ ਮਾਂ-ਪੁੱਤ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਥਾਣਾ ਸਿਟੀ ਦੇ ਇੰਚਾਰਜ ਵਰਨ ਮੱਟੂ ਨੇ ਕਿਹਾ ਕਿ ਨਸ਼ਾ ਤਸਕਰੀ ਦੇ ਮਾਮਲੇ ਨੂੰ ਲੈ ਕੇ ਉਹ ਗੰਭੀਰ ਹਨ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।
ਕੈਫੇ ਮਾਲਕ ਸੱਤ ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ
ਕਾਲਾਂਵਾਲੀ (ਪੱਤਰ ਪ੍ਰੇਰਕ): ਸੀਆਈਏ ਸਟਾਫ ਨੇ ਇਕ ਕੈਫੇ ਦੇ ਸੰਚਾਲਕ ਨੂੰ ਹੈਰੋਇਨ ਵੇਚਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਕੋਲੋਂ ਸੱਤ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ| ਮੁਲਜ਼ਮ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿੱਚ ਕੇਸ ਦਰਜ ਕੀਤਾ ਗਿਆ ਹੈ। ਸਬ-ਇੰਸਪੈਕਟਰ ਸੰਜੈ ਕੁਮਾਰ ਦੀ ਅਗਵਾਈ ਹੇਠ ਸੀਆਈਏ ਕਾਲਾਂਵਾਲੀ ਦੀ ਟੀਮ ਭੂਮਨਸ਼ਾਹ ਚੌਕ ਤੋਂ ਕਿਸਾਨ ਚੌਕ ਵੱਲ ਜਾ ਰਹੀ ਸੀ| ਪੁਲੀਸ ਨੂੰ ਸੂਚਨਾ ਮਿਲੀ ਕਿ ਪਿੰਡ ਬੁੱਢਾਭਾਣਾ ਦਾ ਵਸਨੀਕ ਰਵੀ ਇੱਕ ਕੈਫੇ ਚਲਾਉਂਦਾ ਹੈ ਅਤੇ ਚਿੱਟਾ ਵੇਚਣ ਦਾ ਕੰਮ ਕਰਦਾ ਹੈ। ਆਪਣੇ ਕੈਫੇ ਦੇ ਗੇਟ ਦੇ ਸਾਹਮਣੇ, ਉਹ ਚਿੱਟਾ ਪੀਂਦੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ| ਪੁਲੀਸ ਨੇ ਮੌਕੇ ’ਤੇ ਛਾਪਾ ਮਾਰ ਕੇ ਰਵੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਤਲਾਸ਼ੀ ਲੈਣ ’ਤੇ ਉਸ ਕੋਲੋਂ ਸੱਤ ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਨੇ ਦੱਸਿਆ ਕਿ ਉਸ ਨੇ ਇਹ ਹੈਰੋਇਨ ਜੇ.ਜੇ. ਕਲੋਨੀ ਦੇ ਰਹਿਣ ਵਾਲੇ ਇੱਕ ਨੌਜਵਾਨ ਕੋਲੋਂ ਖਰੀਦੀ ਸੀ। ਪੁਲੀਸ ਨੇ ਮੁਲਜ਼ਮ ਅਤੇ ਸਪਲਾਇਰ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।