ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਮਈ
ਇੱਥੇ ਥਾਣਾ ਬੱਧਨੀ ਕਲਾਂ ਅਧੀਨ ਪੈਂਦੇ ਪਿੰਡ ਬੌਡੇ ਵਿੱਚ ਲੰਘੀ 18 ਅਪਰੈਲ ਨੂੰ ਇਕ ਪੈਟਰੋਲ ਪੰਪ ਦੇ ਕਰਿੰਦੇ ਜੋਗਿੰਦਰ ਸਿੰਘ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਪੁਲੀਸ ਨੇ ਸੁਲਝਾਉਂਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਇੱਕ ਮੁਲਜ਼ਮ ਅਜੇ ਫ਼ਰਾਰ ਹੈ। ਪੁਲੀਸ ਨੇ ਇਸ ਮੁਲਜ਼ਮ ਦੇ ਵਿਦੇਸ਼ ਭੱਜਣ ਦਾ ਸ਼ੱਕ ਜ਼ਾਹਿਰ ਕੀਤਾ ਹੈ।
ਇੱਥੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਐੱਸਪੀ ਰੁਪਿੰਦਰ ਕੌਰ ਭੱਟੀ ਅਤੇ ਏਐੱਸਪੀ ਮੁਹੰਮਦ ਸਰਫਰਾਜ਼ ਆਲਮ, ਥਾਣਾ ਬੱਧਨੀ ਕਲਾਂ ਦੇ ਮੁਖੀ ਇੰਸਪੈਕਟਰ ਪ੍ਰਤਾਪ ਸਿੰਘ ਦੀ ਅਤੇ ਹੋਰ ਵੱਖ-ਵੱਖ ਟੀਮਾਂ ਨੇ ਵਿਗਿਆਨਕ ਅਤੇ ਤਕਨੀਕੀ ਢੰਗ ਨਾਲ ਤਫ਼ਤੀਸ਼ ਕਰਦਿਆਂ ਮੁਲਜ਼ਮਾਂ ਤੱਕ ਪਹੁੰਚਣ ਵਿੱਚ ਸਫ਼ਲਤਾ ਹਾਸਲ ਕੀਤੀ।
ਉਨ੍ਹਾਂ ਦੱਸਿਆ ਕਿ ਪੈਟਰੋਲ ਪੰਪ ਦੇ ਕਰਿੰਦੇ ਜੋਗਿੰਦਰ ਸਿੰਘ ਵਾਸੀ ਪਿੰਡ ਬੌਡੇ ਦੀ ਹੱਤਿਆ ਦੇ ਦੋਸ਼ ਹੇਠ ਗੁਰਦੀਪ ਸਿੰਘ ਉਰਫ ਕੱਦੂ ਵਾਸੀ ਪਿੰਡ ਟੱਲੇਵਾਲ, ਜ਼ਿਲ੍ਹਾ ਬਰਨਾਲਾ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਜਦੋਂ ਕਿ ਉਸ ਦੀ ਸ਼ਨਾਖਤ ’ਤੇ ਅਵਤਾਰ ਸਿੰਘ ਉਰਫ ਅਵੀ ਵਾਸੀ ਪਿੰਡ ਬੁਰਜ ਫ਼ਤਹਿਗੜ, ਜ਼ਿਲ੍ਹਾ ਬਰਨਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਤੀਜੇ ਮੁਲਜ਼ਮ ਲਵਪ੍ਰੀਤ ਸਿੰਘ ਉਰਫ ਗੁੰਨਾ ਵਾਸੀ ਪਿੰਡ ਚੂੰਘਾਂ, ਜ਼ਿਲ੍ਹਾ ਬਰਨਾਲਾ ਨੂੰ ਵੀ ਕੇਸ ’ਚ ਨਾਮਜ਼ਦ ਕੀਤਾ ਗਿਆ ਹੈ ਅਤੇ ਉਸ ਦੇ ਵਿਦੇਸ਼ ਫ਼ਰਾਰ ਹੋਣ ਦਾ ਖ਼ਦਸ਼ਾ ਹੈ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਮੁੱਢਲੀ ਪੁੱਛਗਿੱਛ ਵਿੱਚ ਮੰਨਿਆ ਕਿ ਉਸੇ ਦਿਨ ਘਟਨਾ ਤੋਂ ਅੱਧਾ-ਪੌਣਾ ਘੰਟਾ ਪਹਿਲਾਂ ਉਹ ਪੈਟਰੋਲ ਪੰਪ ਉੱਤੇ ਬੋਤਲਾਂ ਵਿੱਚ ਪੈਟਰੌਲ ਪਵਾਉਣ ਲਈ ਆਏ ਸਨ ਤੇ ਪੈਸੇ ਦੇ ਲੈਣ-ਦੇਣ ਪਿੱਛੇ ਕਰਿੰਦੇ ਜੋਗਿੰਦਰ ਸਿੰਘ ਨਾਲ ਬਹਿਸ ਹੋ ਗਈ ਸੀ ਅਤੇ ਬਾਅਦ ਵਿੱਚ ਉਨ੍ਹਾਂ ਕਰਿੰਦੇ ਜੋਗਿੰਦਰ ਸਿੰਘ ਨੂੰ ਕਮਰੇ ’ਚ ਧੂਹ ਲਿਆ ਅਤੇ ਬੇਸਬਾਲ ਦੇ ਬੱਲੇ ਨਾਲ ਬਹਿਰਮੀ ਨਾਲ ਕੁੱਟਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।