ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਜੁਲਾਈ
ਮਰੀਜ਼ਾਂ ਨੂੰ ਤੰਦਰੁਸਤੀ ਦੇਣ ਵਾਲਾ ਸਥਾਨਕ ਸਿਵਲ ਹਸਪਤਾਲ ਖੁਦ ਬਿਮਾਰ ਹੈ। ਇੱਥੇ ਟੀਬੀ ਵਿਭਾਗ ਦੀ ਖਸਤਾ ਹਾਲ ਇਮਾਰਤ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਬੱਚਿਆਂ ਲਈ ਖਤਰਨਾਕ ਦੱਸੀ ਜਾਂਦੀ ਕਰੋਨਾ ਦੀ ਤੀਜੀ ਲਹਿਰ ਲਈ ਕੋਈ ਬੱਚਾ ਰੋਗ ਤੇ ਨੱਕ ਕੰਨ ਗਲ੍ਹ ਮਾਹਰ ਡਾਕਟਰ ਵੀ ਨਹੀਂ ਹਨ।
ਸੀਨੀਅਰ ਮੈਡੀਕਲ ਅਫ਼ਸਰ (ਐੱਸਐੱਮਓ) ਡਾ. ਸੁਖਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਕਰੋਨਾ ਦੀ ਤੀਜੀ ਲਹਿਰ ਤੋਂ ਪਹਿਲਾਂ ਬਾਲ ਰੋਗ ਮਾਹਰ ਡਾਕਟਰ ਦੀ ਬਹੁਤ ਵੱਡੀ ਲੋੜ ਹੈ। ਉਨ੍ਹਾਂ ਮੰਨਿਆ ਕਿ ਨੱਕ ਕੰਨ ਗਲ੍ਹ ਮਾਹਰ ਡਾਕਟਰ ਵੀ ਨਹੀਂ ਹਨ। ਸਰਜਨ ਦੀ ਅਸਾਮੀ ਕਰੀਬ 9 ਮਹੀਨੇ ਖਾਲੀ ਰਹੀ ਕੁਝ ਦਿਨ ਪਹਿਲਾਂ ਹੀ ਦੋ ਸਰਜਨਾਂ ਦੀ ਤਾਇਨਾਤੀ ਹੋਈ ਹੈ।
ਸਿਵਲ ਹਸਪਤਾਲ ਵਿੱਚ ਜ਼ਿਲ੍ਹਾ ਟੀਬੀ ਵਿਭਾਗ ਦੀ ਖਸਤਾ ਹਾਲਤ ਇਮਾਰਤ ਇਸ ਕਦਰ ਖਸਤਾ ਹੋ ਚੁੱਕੀ ਹੈ ਕਿ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਵਿਭਾਗ ਇਸ ਪ੍ਰਤੀ ਸੰਜੀਦਾ ਦਿਖਾਈ ਨਹੀਂ ਦੇ ਰਿਹਾ। ਜ਼ਿਲ੍ਹਾ ਬਣਨ ਤੋਂ 26 ਸਾਲ ਬਾਅਦ ਵੀ ਸਿਵਲ ਸਰਜਨ ਦਾ ਦਫ਼ਤਰ ਡਾਕਟਰਾਂ ਦੇ ਰਿਹਾਇਸ਼ੀ ਕੁਆਰਟਰਾਂ ਵਿੱਚ ਹੀ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹੇ ’ਚ ਕਰੀਬ 600 ਤੋਂ 700 ਟੀਬੀ ਰੋਗ ਮਰੀਜ਼ ਹਨ ਜੋ ਅਕਸਰ ਇਸ ਇਮਾਰਤ ’ਚ ਦਵਾਈ ਲੈਣ ਆਉਂਦੇ ਹਨ। ਇਸ ਇਮਾਰਤ ’ਚ ਡਾਕਟਰ, ਫਰਮਾਸਿਸਟ ਸਮੇਤ 10 ਮੈਂਬਰੀ ਸਟਾਫ਼ ਵੀ ਹੈ। ਖਸਤਾ ਹਾਲ ਇਮਾਰਤ ’ਚ ਬੈਠਣ ਵਾਲੇ ਸਿਹਤ ਵਿਭਾਗ ਦੇ ਸਟਾਫ ਅਤੇ ਦਵਾਈ ਲੈਣ ਵਾਲੇ ਮਰੀਜ਼ਾਂ ਲਈ ਵੀ ਖਤਰਾ ਹੈ।
ਜ਼ਿਲ੍ਹਾ ਟੀਬੀ ਵਿਭਾਗ ਦੇ ਨੋਡਲ ਅਫ਼ਸਰ ਡਾ. ਇੰਦਰਬੀਰ ਸਿੰਘ ਗਿੱਲ ਨੇ ਮੰਨਿਆ ਕਿ ਇਮਾਰਤ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ ਅਤੇ ਉਨ੍ਹਾਂ ਕਈ ਵਾਰ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਬਦਲਵਾਂ ਪ੍ਰਬੰਧ ਕਰਨ ਲਈ ਆਖਿਆ ਹੈ। ਇਮਾਰਤ ਬੇਹੱਦ ਖਸਤਾ ਹੈ, ਜੋ ਕਿਸੇ ਵੇਲੇ ਵੀ ਡਿੱਗ ਸਕਦੀ ਹੈ। ਸਰਕਾਰੀ ਹਸਪਤਾਲ ’ਚ ਬੱਚਾ ਮਾਹਰ ਤੇ ਨੱਕ ਕੰਨ ਗਲ੍ਹ ਮਾਹਰ ਡਾਕਟਰਾਂ ਦੀ ਘਾਟ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।