ਮਹਿੰਦਰ ਸਿੰਘ ਰੱਤੀਆਂ
ਮੋਗਾ, 23 ਅਪਰੈਲ
ਸੂਬੇ ’ਚ ਸਹਿਕਾਰਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਨੇ ਕਰੋਨਾ ਵੈਕਸੀਨ ਘਾਟ ਉੱਤੇ ਮੋਦੀ ਸਰਕਾਰ ਉੱਤੇ ਵਰ੍ਹਦੇ ਕਿਹਾ ਕਿ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਦੀ ਨਲਾਇਕੀ ਹੈ ਕਿ ਭਾਰਤੀਆਂ ਦਾ ਮੁਕੰਮਲ ਟੀਕਾਕਰਨ ਹੋਣ ਤੋਂ ਪਹਿਲਾਂ ਹੀ ਹੋਰ ਦੇਸ਼ਾਂ ਨੂੰ ਵੈਕਸੀਨ ਸਸਤੇ ਭਾਅ ਵੇਚ ਦਿੱਤੀ ਗਈ ਜਦਕਿ ਹੁਣ ਸਾਡੇ ਦੇਸ਼ ਵਿੱਚ ਵੈਕਸੀਨ ਦੀ ਕਮੀ ਹੋ ਗਈ ਹੈ ਤਾਂ ਬਾਹਰੋਂ ਵੈਕਸੀਨ ਮੰਗਵਾਉਣੀ ਪੈ ਰਹੀ ਹੈ। ਕੈਬਨਿਟ ਮੰਤਰੀ ਰੰਧਾਵਾਂ ਅੱਜ ਪਿੰਡ ਭਿੰਡਰ ਖੁਰਦ ਵਿੱਚ ਸਹਿਕਾਰੀ ਬੈਂਕ ਐਕਸ਼ਟੈਂਨਸਨ ਕਾਊਂਟਰ ਦਾ ਉਦਘਾਟਨ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇੱਥੇ ਇਸ ਬੈਂਕ ਵਿੱਚ ਜਲਦੀ ਹੀ ਏਟੀਐੱਮ ਵੀ ਖੋਲ੍ਹਿਆ ਜਾਵੇਗਾ। ਉਨ੍ਹਾਂ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਅਨਾਜ ਮੰਡੀਆਂ ਦੇ ਦੌਰੇ ਨੂੰ ਡਰਾਮੇਬਾਜ਼ੀ ਕਰਾਰ ਦਿੰਦੇ ਆਖਿਆ ਕਿ ਆਪਣੀ ਸਰਕਾਰ ਵੇਲੇ 10 ਸਾਲ ਕਿੱਥੇ ਰਹੇ, ਜਦੋਂ ਕਿਸਾਨ ਨਿੱਤ ਮੰਡੀਆਂ ਵਿੱਚ ਅਤੇ ਸੜਕਾਂ ਉੱਤੇ ਰੁਲਦੇ ਸਨ। ਬਾਰਦਾਨੇ ਦੀ ਕਮੀ ਬਾਰੇ ਪੁੱਛੇ ਜਾਣ ਉੱਤੇ ਕਿਹਾ ਕਿ ਅੱਜ ਸਾਮ ਤੱਕ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿੱਚ ਲੋੜੀਂਦੀ ਗਿਣਤੀ ਵਿੱਚ ਬਾਰਦਾਨਾ ਪੂਰਾ ਹੋਵੇਗਾ। ਕਿਸਾਨਾਂ ਨੂੰ ਆਰਥਿਕ ਤੌਰ ਉੱਤੇ ਮਜ਼ਬੂਤ ਕਰਨ ਲਈ ਉਨ੍ਹਾਂ ਨੂੰ ਸਹਿਕਾਰੀ ਬੈਂਕਾਂ ਨਾਲ ਜੋੜਿਆ ਜਾ ਰਿਹਾ ਹੈ। ਅਨਾਜ ਮੰਡੀਆਂ ਵਿੱਚ ਕੈਂਪ ਲਗਾ ਕੇ ਸਹਿਕਾਰੀ ਬੈਂਕ ਵਿੱਚ ਖਾਤੇ ਖੁੱਲ੍ਹਵਾਏ ਜਾ ਰਹੇ ਹਨ ਤਾਂ ਕਿ ਕਿਸਾਨਾਂ ਨੂੰ ਸਿੱਧੀ ਅਦਾਇਗੀ ਲਈ ਪ੍ਰਾਈਵੇਟ ਬੈਂਕਾਂ ਕੋਲ ਨਹੀਂ ਜਾਣਾ ਪਵੇਗਾ। ਇਸ ਮੰਡੀਕਰਨ ਸੀਜ਼ਨ ਦੌਰਾਨ 1253 ਨਵੇਂ ਖਾਤੇ ਖੁੱਲ੍ਹਵਾਏ ਗਏ। ਸਹਿਕਾਰੀ ਬੈਂਕਾਂ ਨੂੰ ਅਨਾਜ ਖ਼ਰੀਦ ਦੇ ਪੋਰਟਲ ਨਾਲ ਅਪੈਨਲ ਵੀ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸਹਿਕਾਰੀ ਬੈਂਕਾਂ ਵਿੱਚ ਕੇ.ਸੀ.ਸੀ. ਧਾਰਕਾਂ ਦੇ 8.64 ਲੱਖ ਬੱਚਤ ਖਾਤੇ ਚੱਲ ਰਹੇ ਹਨ। ਜਲਦੀ ਹੀ 350 ਫੀਲਡ ਅਫਸਰ ਨੌਕਰੀ ਸੁਰੂ ਕਰਨ ਜਾ ਰਹੇ ਹਨ। ਅੱਜ ਸਹਿਕਾਰੀ ਬੈਂਕਾਂ ਮੁੜ੍ਹ ਆਪਣੇ ਪੈਰਾਂ ਉੱਤੇ ਹੋ ਰਹੀਆਂ ਹਨ। ਕਿਸਾਨ ਹਿਤਾਂਲਈ ਦੁੱਧ ਦੀ ਕੀਮਤ ਵਧਾਈ ਗਈ। ਇਸ ਮੌਕੇ ਹਲਕਾ ਧਰਮਕੋਟ ਤੋਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਐਸਡੀਐੱਮ ਰਾਮ ਸਿੰਘ ਤੇ ਬੈਂਕ ਅਧਿਕਾਰੀ ਅਤੇ ਹੋਰ ਹਾਜ਼ਰ ਸਨ।