ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 29 ਅਗਸਤ
ਇੱਥੇ ਅੱਜ ਮਨਰੇਗਾ ਮਜ਼ਦੂਰ ਯੂਨੀਅਨ (ਸੀਟੂ) ਅਤੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਨੇ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਲਈ ਐਲਾਨੇ ਪ੍ਰੋਗਰਾਮ ਮੁਤਾਬਕ ਏਡੀਸੀ (ਵਿਕਾਸ) ਦੇ ਦਫ਼ਤਰ ਅੱਗੇ ਦਿਨ-ਰਾਤ ਦਾ ਦੋ ਰੋਜ਼ਾ ਧਰਨਾ ਸ਼ੁਰੂ ਕਰ ਦਿੱਤਾ। ਧਰਨੇ ਦੀ ਪ੍ਰਧਾਨਗੀ ਕਾਮਰੇਡ ਤਰਸੇਮ ਲਾਲ, ਇੰਦਰਜੀਤ ਸਿੰਘ, ਹਰੀ ਰਾਮ ਚੱਕ ਸ਼ੇਰੇਵਾਲਾ, ਰਮਨਦੀਪ ਕੌਰ, ਕਰਮਜੀਤ ਕੌਰ, ਸੰਦੀਪ ਕੌਰ, ਰਾਜ ਕੁਮਾਰ ਤੇ ਰੁਕਮਦਾਸ ਆਦਿ ਆਗੂਆਂ ਨੇ ਕੀਤੀ। ਇਸ ਦੌਰਾਨ ਆਗੂਆਂ ਨੇ ਮੰਗ ਕੀਤੀ ਕਿ ਮਨਰੇਗਾ ਕਾਮਿਆਂ ਨੂੰ ਸਾਲ ਵਿੱਚ 100 ਦਿਨ ਕੰਮ ਦਿੱਤਾ ਜਾਵੇ, ਮਨਰੇਗਾ ਕਾਨੂੰਨ ਨੂੰ ਕਮਜ਼ੋਰ ਕਰਨ ਵਾਲੇ ਅਧਿਕਾਰੀਆਂ ਅਤੇ ਸਰਪੰਚਾਂ ਦੇ ਗੱਠਜੋੜ ਨੂੰ ਰੋਕਿਆ ਜਾਵੇ, ਸਰਪੰਚਾਂ ਵੱਲੋਂ ਚਹੇਤਿਆਂ ਨੂੰ ਮੇਟ ਰੱਖ ਕੇ ਮਸਟਰੋਲਾਂ ਵਿੱਚ ਕਥਿਤ ਤੌਰ ’ਤੇ ਕੀਤੀ ਜਾਂਦੀ ਘਪਲੇਬਾਜ਼ੀ ਰੋਕੇ ਜਾਣ ਤੋਂ ਇਲਾਵਾ ਹੋਰ ਮੰਗਾਂ ਦਾ ਜ਼ਿਕਰ ਵੀ ਕੀਤਾ। ਇਸ ਮੌਕੇ ਪਿੰਡ ਰੁਪਾਣਾ, ਧਿਗਾਣਾ, ਔਲਖ, ਝੋਰੜ, ਖਟੋਰੇਵਾਲਾ, ਜੰਡਵਾਲਾ ਤੇ ਸ਼ੇਰੇਵਾਲਾ ਆਦਿ ਪਿੰਡਾਂ ਦੇ ਮਨਰੇਗਾ ਕਾਮੇ ਅਤੇ ਖੇਤ ਮਜ਼ਦੂਰ ਵੀ ਧਰਨੇ ’ਚ ਸ਼ਾਮਲ ਹੋਏ। ਆਗੂਆਂ ਨੇ ਏਡੀਸੀ ਵਿਕਾਸ ਰਾਜਪਾਲ ਨਾਲ ਮੰਗਾਂ ਬਾਰੇ ਗੱਲਬਾਤ ਕੀਤੀ। ਏਡੀਸੀ ਨੇ ਦੱਸਿਆ ਕਿ ਸਰਪੰਚਾਂ ਕੋਲੋਂ ਪਹਿਲ ਦੇ ਅਧਾਰ ’ਤੇ ਕੀਤੇ ਜਾਣ ਵਾਲੇ ਕੰਮਾਂ ਦੀਆਂ ਸੂਚੀਆਂ ਮੰਗਵਾਈਆਂ ਗਈਆਂ ਹਨ ਅਤੇ ਜਲਦੀ ਹੀ ਵਰਕਰਾਂ ਨੂੰ ਕੰਮ ਦਿੱਤਾ ਜਾਵੇਗਾ। ਮਨਰੇਗਾ ਕੰਮਾਂ ਵਿੱਚ ਅੜਿੱਕਾ ਡਾਹੁਣ ਵਾਲੇ ਕਰਮਚਾਰੀਆਂ ਤੇ ਸਰਪੰਚਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।