ਪਰਸ਼ੋਤਮ ਬੱਲੀ
ਬਰਨਾਲਾ, 8 ਜੂਨ
ਪਿੰਡ ਪੱਖੋ ਕਲਾਂ ਦੀ ਪੰਚਾਇਤੀ ਜ਼ਮੀਨ ’ਚੋਂ ਦਲਿਤਾਂ ਦੇ ਹਿੱਸੇ ਦੀ ਜ਼ਮੀਨ ਦੀ ਬੋਲੀ ਵਿੱਚ ਜਨਰਲ ਵਰਗ ਦੇ ਵਿਅਕਤੀ ਦੀ ਕਥਿਤ ਸ਼ਮੂਲੀਅਤ ਅਤੇ ਬੇਨਿਯਮੀਆਂ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਹਲਕਾ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਸਾਥੀਆਂ ਸਮੇਤ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਅੱਗੇ ਦਿਨ-ਰਾਤ ਦੇ ਧਰਨੇ ’ਤੇ ਡੱਟ ਗਏ।
ਵਿਧਾਇਕ ਪਿਰਮਲ ਸਿੰਘ ਨੇ ਦੱਸਿਆ ਕਿ ਗਰੀਬ ਤੇ ਮਜ਼ਦੂਰ ਵਿਅਕਤੀਆਂ ਨੂੰ ਢਾਲ ਬਣਾ ਕੇ ਜਨਰਲ ਵਰਗ ਦੇ ਧਨਾਢ ਦਲਿਤਾਂ ਦੇ ਹਿੱਸੇ ਦੀ ਪੰਚਾਇਤੀ ਜ਼ਮੀਨ ਵਾਹੀ ਲਈ ਠੇਕੇ ’ਤੇ ਲੈ ਜਾਂਦੇ ਹਨ। ਇਸ ਤਰ੍ਹਾਂ ਮਜਬੂਰ ਦਲਿਤ ਲੋਕਾਂ ਨੂੰ ਉਨ੍ਹਾਂ ਦੇ ਵਾਹੀ ਦੇ ਹੱਕ ਤੋਂ ਵਾਂਝਾ ਕੀਤਾ ਜਾਂਦਾ ਹੈ। ਪਿੰਡ ਪੱਖੋ ਕਲਾਂ ਵਿੱਚ ਪੰਚਾਇਤੀ ਜ਼ਮੀਨ ਦੇ 1/3 ਰਿਜ਼ਰਵ ਹਿੱਸੇ ਦੀ ਬਣਦੀ 14 ਏਕੜ 2 ਕਨਾਲ 5 ਮਰਲੇ ਜ਼ਮੀਨ ਵਿੱਚੋਂ ਇੱਕ 8.5 ਏਕੜ ਦੇ ਟੱਕ ਦੀ ਬੋਲੀ 30 ਅਪਰੈਲ ਨੂੰ ਹੋਈ ਸੀ ਜਿਸ ਵਿੱਚ ਕਥਿਤ ਤੌਰ ’ਤੇ ਜਨਰਲ ਵਰਗ ਦੇ ਇੱਕ ਧਨਾਢ (ਜਿਸ ਦੀ ਵੀਡੀਓ ਦਾ ਦਾਅਵਾ ਕੀਤਾ) ਨੇ ਆਪਣੇ ਚਹੇਤੇ ਦਲਿਤ ਨੂੰ ਖੜ੍ਹਾ ਕਰ ਕੇ ਬੋਲੀ 4 ਲੱਖ 88 ਹਜ਼ਾਰ ਤੱਕ ਵਧਾ ਕੇ ਤੁੜਵਾ ਲਈ। ਉਸ ਖਿਲਾਫ਼ ਪਿੰਡ ਦੇ ਦਲਿਤ ਲੋਕ ਉਨ੍ਹਾਂ ਨੂੰ ਮਿਲੇ ਤੇ ਇਨਸਾਫ਼ ਦਿਵਾਉਣ ਦੀ ਬੇਨਤੀ ਕੀਤੀ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਖੁਦ ਡੀ.ਸੀ. ਬਰਨਾਲਾ ਦਫ਼ਤਰ ਵਿੱਚ ਲੰਘੀ 6 ਮਈ ਨੂੰ ਉਕਤ ਮਾਮਲੇ ’ਚ ਕਾਰਵਾਈ ਸਬੰਧੀ ਲਿਖਤੀ ਪੱਤਰ ਦਿੱਤਾ ਸੀ ਪ੍ਰੰਤੂ ਮਹੀਨਾ ਲੰਘਣ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਐਲਾਨ ਕੀਤਾ ਕਿ ਬੋਲੀ ਲਈ ਜ਼ਿੰਮੇਵਾਰ ਅਧਿਕਾਰੀਆਂ ਤੇ ਪੰਚਾਇਤੀਆਂ ਵਿਰੁੱਧ ਕਾਰਵਾਈ ਹੋਣ ਤੱਕ ਦਿਨ-ਰਾਤ ਉਹ ਇੱਥੇ ਹੀ ਡਟਣਗੇ।
ਦੂਸਰੇ ਪਾਸੇ ਸਰਪੰਚ ਬਲਕਰਨ ਕੌਰ ਦੇ ਪਤੀ ਗੁਰਲਾਭ ਸਿੰਘ ਲਾਡੀ, ਪੰਚ ਜਗਦੀਪ ਸਿੰਘ ਤੇ ਜਗਵੰਤ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਬੋਲੀ ਬਾਕਾਇਦਾ ਨਿਯਮਾਂ ਤਹਿਤ ਹੋਈ ਹੈ ਤੇ ਦਲਿਤ ਵਿੰਦਰ ਸਿੰਘ ਦੇ ਨਾਂ ’ਤੇ ਟੁੱਟੀ ਹੈ। ਉਨ੍ਹਾਂ ਕਿਹਾ ਕਿ ਧਰਨੇ ਵਿੱਚ ਸ਼ਾਮਲ ਕੌਰ ਸਿੰਘ ਖੁਦ ਪਹਿਲਾਂ ਇਹ ਟੱਕ 2 ਲੱਖ 95 ਹਜ਼ਾਰ ’ਚ ਠੇਕੇ ’ਤੇ ਵਾਹੁੰਦਾ ਰਿਹਾ ਹੈ। ਉੱਧਰ, ਏਡੀਸੀ ਅਰੁਣ ਕੁਮਾਰ ਜਿੰਦਲ ਤੇ ਬੀਡੀਪੀਓ ਪ੍ਰਵੇਸ਼ ਕੁਮਾਰ ਨੇ ਕਿਹਾ ਕਿ ਉਕਤ ਬੋਲੀ ਦੌਰਾਨ ਕਿਸੇ ਕਾਇਦੇ ਦੀ ਉਲੰਘਣਾ ਨਹੀਂ ਹੋਈ, ਫਿਰ ਵੀ ਉਸ ਮੌਕੇ ਖੁਦ ਕੌਰ ਸਿੰਘ ਵੱਲੋਂ ਦਿੱਤੀ ਗਈ 4 ਲੱਖ 86 ਹਜ਼ਾਰ ਤੱਕ ਦੀ ਬੋਲੀ ’ਤੇ ਉਸ ਨੂੰ ਇਹ ਜ਼ਮੀਨ ਦੇਣ ਲਈ ਪੰਚਾਇਤ ਆਪਣੀ ਸਹਿਮਤੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਦੇ ਦੋਸ਼ ਨਿਰਾਧਾਰ ਹਨ।
ਦਲਿਤ ਵਰਗ ਵੱਲੋਂ ਫ਼ਰਜ਼ੀ ਬੋਲੀ ਕਰਵਾਉਣ ਦਾ ਦੋਸ਼
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਪਿੰਡ ਚੱਕ ਗਾਧਾਂ ਸਿੰਘ ਵਾਲਾ ਵਿੱਚ ਅਨੁਸੂਚਿਤ ਜਾਤੀ ਵਰਗ ਦੇ ਹਿੱਸੇ ਦੀ ਬਣਦੀ ਵਾਹੀਯੋਗ ਪੰਚਾਇਤੀ ਜ਼ਮੀਨ ਦੀ ਬੋਲੀ ਕਥਿਤ ਤੌਰ ’ਤੇ ‘ਸੁੱਤੇ’ ਉਮੀਦਵਾਰ ਦੇ ਨਾਂ ’ਤੇ ਜਨਰਲ ਵਰਗ ਵੱਲੋਂ ਲਗਾਏ ਜਾਣ ’ਤੇ ਵਿਵਾਦ ਖੜ੍ਹਾ ਹੋ ਗਿਆ। ਪੰਚਾਇਤੀ ਜ਼ਮੀਨ ਠੇਕੇ ’ਤੇ ਲੈਣ ਦੇ ਇੱਛੁਕ ਅਨੁਸੂਚਿਤ ਜਾਤੀ ਦੇ ਸਵਰਨ ਸਿੰਘ, ਨਛੱਤਰ ਸਿੰਘ, ਇਕਬਾਲ ਸਿੰਘ, ਮਿਠਣ ਸਿੰਘ ਨੇ ਦੋਸ਼ ਲਗਾਇਆ ਕਿ ਪੰਚਾਇਤ ਦੀ ਕਰੀਬ ਸਾਢੇ 18 ਕਿੱਲੇ ਜ਼ਮੀਨ ਹੈ ਜਿਸ ਵਿਚੋਂ ਪੰਜ ਕਿੱਲਿਆਂ ਤੋਂ ਵੱਧ ਜ਼ਮੀਨ ’ਤੇ ਦਲਿਤ ਭਾਈਚਾਰੇ ਦਾ ਹੱਕ ਬਣਦਾ ਹੈ ਪਰ ਅਕਸਰ ਜਨਰਲ ਵਰਗ ਦੇ ਜ਼ੋਰਾਵਰ ਬੰਦਿਆਂ ਵੱਲੋਂ ਕਿਸੇ ਅਜਿਹੇ ਦਲਿਤ ਉਮੀਦਵਾਰ ਦਾ ਨਾਂ ਵਰਤਿਆ ਜਾਂਦਾ ਜਿਹੜਾ ਖੁਦ ਖੇਤੀ ਨਹੀਂ ਕਰਦਾ, ਜਿਸ ਨੂੰ ਸੁੱਤਾ ਉਮੀਦਵਾਰ ਕਿਹਾ ਜਾਂਦਾ ਹੈ। ਉੱਧਰ, ਮੁਕਤਸਰ ਦੀ ਬੀਡੀਪੀਓ ਕੁਸਮ ਅਗਰਵਾਲ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਵਿਧਾਇਕ ਨੇ ਐੱਸਡੀਐੱਮ ਦਫ਼ਤਰ ਮੂਹਰੇ ਲਗਾਇਆ ਧਰਨਾ
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਪਿਛਲੇ ਸਮੇਂ ਵਿੱਚ ਅਯੋਗ ਕਰਾਰ ਦੇ ਕੇ ਗਰੀਬਾਂ ਦੇ ਨੀਲੇ ਕਾਰਡ ਕੱਟੇ ਜਾਣ ਦੇ ਵਿਰੋਧ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਹਲਕਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਐੱਸਡੀਐੱਮ ਦਫ਼ਤਰ ਤਲਵੰਡੀ ਸਾਬੋ ਅੱਗੇ ਧਰਨਾ ਲਗਾ ਕੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਉਕਤ ਕਾਰਡ ਬਹਾਲ ਕਰਨ ਅਤੇ ਲਾਭਪਾਤਰੀਆਂ ਨੂੰ ਜਲਦ ਰਾਸ਼ਨ ਦੇਣ ਦੀ ਮੰਗ ਕੀਤੀ। ਇਸ ਦੌਰਾਨ ਉਨ੍ਹਾਂ ਐੱਸਡੀਐੱਮ ਨੂੰ ਮੰਗ ਪੱਤਰ ਵੀ ਸੌਂਪਿਆ। ਐੱਸਡੀਐੱਮ ਦੇ ਭਰੋਸੇ ਮਗਰੋਂ ਉਨ੍ਹਾਂ ਧਰਨਾ ਸਮਾਪਤ ਕਰ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਗਰੀਬ ਲੋਕਾਂ ਦੇ ਨੀਲੇ ਕਾਰਡ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਕੱਟੇ ਗਏ ਹਨ ਅਤੇ ਉਸ ਸਮੇਂ ਤੋਂ ਲੈ ਕੇ ਲੋੜਵੰਦ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਦੇ ਮੱਦੇਨਜ਼ਰ ਕੀਤੇ ਗਏ ਲੌਕਡਾਊਨ ਦੌਰਾਨ ਨਾ ਤਾਂ ਕੇਂਦਰ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਨੇ ਉਕਤ ਲੋਕਾਂ ਦੀ ਬਾਂਹ ਫੜੀ ਜਿਸ ਕਰਕੇ ਹਾਲਾਤ ਇਹ ਬਣੇ ਰਹੇ ਕੇ ਇਨ੍ਹਾਂ ਲੋਕਾਂ ਨੂੰ ਲੌਕਡਾਊਨ ਵਿੱਚ ਆਪਣੇ ਘਰਾਂ ਦੇ ਚੁੱਲ੍ਹੇ ਚਲਾਉਣ ਲਈ ਸਮਾਜ ਸੇਵੀ ਜਾਂ ਧਾਰਮਿਕ ਸੰਸਥਾਵਾਂ ਦਾ ਸਹਾਰਾ ਲੈਣਾ ਪਿਆ। ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਉਕਤ ਪੀੜਤ ਉਨ੍ਹਾਂ ਨੂੰ ਮਿਲੇ ਸਨ ਤੇ ਹੁਣ ਉਹ ਉਦੋਂ ਤੱਕ ਸੰਘਰਸ਼ ਜਾਰੀ ਰੱਖਣਗੇ ਜਦੋਂ ਤੱਕ ਉਕਤ ਕਾਰਡ ਬਹਾਲ ਨਹੀਂ ਹੋ ਜਾਂਦੇ। ਇਸ ਮੌਕੇ ਐੱਸਡੀਐੱਮ ਬਰਿੰਦਰ ਕੁਮਾਰ ਮੰਗ ਪੱਤਰ ਲੈਣ ਧਰਨੇ ਵਿੱਚ ਪਹੁੰਚੇ ਅਤੇ ਉਨ੍ਹਾਂ ਭਰੋਸਾ ਦਿਵਾਇਆ ਕਿ ਜਾਂਚ ਉਪਰੰਤ ਨੀਲੇ ਕਾਰਡ ਬਹਾਲ ਕਰ ਦਿੱਤੇ ਜਾਣਗੇ। ਇਸ ਭਰੋਸੇ ਉਪਰੰਤ ਧਰਨਾ ਵਿਧਾਇਕ ਨੇ ਧਰਨਾ ਸਮਾਪਤ ਕਰ ਦਿੱਤਾ। ਧਰਨੇ ਨੂੰ ਜ਼ਿਲ੍ਹਾ ਕਨਵੀਨਰ ਨਵਦੀਪ ਸਿੰਘ ਜੀਦਾ, ਮਾਝਾ ਜ਼ੋਨ ਦੇ ਯੂਥ ਆਗੂ ਸੁਖਰਾਜ ਸਿੰਘ ਬੱਲ, ਕੇਵਲ ਸਿੰਘ ਨਿੱਜੀ ਸਹਾਇਕ ਤੇ ਟੇਕ ਸਿੰਘ ਬੰਗੀ, ਡਾਕਟਰ ਰਾਜਵੀਰ ਸਿੰਘ, ਉਦੈਵੀਰ ਸਿੰਘ ਜਗਾ, ਨਛੱਤਰ ਸਿੰਘ,ਬੂਟਾ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਗੁਰਦੀਪ ਸਿੰਘ ਤੂਰ ਆਦਿ ਆਗੂਆਂ ਨੇ ਸਬੋਧਨ ਕੀਤਾ।