ਰਾਜਿੰਦਰ ਵਰਮਾ
ਭਦੌੜ, 6 ਜੂਨ
ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਅੱਜ ਸਿਵਲ ਹਸਪਤਾਲ ਭਦੌੜ ਦਾ ਦੌਰਾ ਕੀਤਾ। ਉਨ੍ਹਾਂ ਹਸਪਤਾਲ ਦੇ ਸਟਾਫ ਨਾਲ ਮੀਟਿੰਗ ਕਰਦਿਆਂ ਹਸਪਤਾਲ ਦੀਆਂ ਮੁੱਢਲੀਆਂ ਸਮੱਸਿਆਵਾਂ ਦੀ ਜਾਣਕਾਰੀ ਲਈ। ਦੱਸਣਾ ਬਣਦਾ ਹੈ ਕਿ ਹਸਪਤਾਲ ਦੀ ਬਿਲਡਿੰਗ ਤਾਂ ਕਰੋੜਾਂ ਰੁਪਈਆਂ ਨਾਲ ਬਣੀ ਹੋਈ ਹੈ ਪਰ ਇਹ ਹਸਪਤਾਲ ਡਾਕਟਰਾਂ ਦੀ ਘਾਟ ਕਾਰਨ ਹਮੇਸ਼ਾ ਹੀ ਸੁਰਖੀਆਂ ਵਿਚ ਰਹਿੰਦਾ ਹੈ। ਇੱਥੇ ਕੁਝ ਡਾਕਟਰ ਡੈਪੂਟੇਸ਼ਨ ’ਤੇ ਆਏ ਸਨ ਪਰ ਪੰਜਾਬ ਸਰਕਾਰ ਨੇ ਅਗਲੇ ਹੁਕਮਾਂ ਤੱਕ ਇਨ੍ਹਾਂ ਦੀ ਤਾਇਨਾਤੀ ਰੱਦ ਕਰ ਦਿੱਤੀ ਹੈ ਅਤੇ ਹੁਣ ਹਸਪਤਾਲ ਵਿਚ ਸਿਰਫ ਦੋ ਡਾਕਟਰ ਹੀ ਰਹਿ ਗਏ ਹਨ। ਵਿਧਾਇਕ ਉਗੋਕੇ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਡਾਕਟਰਾਂ ਦੀ ਘਾਟ ਬਾਰੇ ਦੱਸਣਗੇ ਤੇ ਜਲਦ ਹੀ ਹਸਪਤਾਲ ਵਿਚ ਡਾਕਟਰਾਂ ਦੀ ਨਿਯੁਕਤੀ ਕੀਤੀ ਜਾਵੇਗੀ।