ਪੱਤਰ ਪ੍ਰੇਰਕ
ਮਮਦੋਟ, 4 ਅਕਤੂਬਰ
‘‘ਕਿਸਾਨਾਂ ਦੀ ਝੋਨੇ ਦੀ ਫਸਲ ਦਾ ਇਕ ਇਕ ਦਾਣਾ ਦਾਣਾ ਖ਼ਰੀਦ ਕੀਤਾ ਜਾਵੇਗਾ ਤੇ ਮੰਡੀਆਂ ਵਿੱਚ ਕਿਸੇ ਵੀ ਕਿਸਮ ਦਾ ਭ੍ਰਿਸ਼ਟਾਚਾਰ ਸਹਿਣ ਨਹੀਂ ਕੀਤਾ ਜਾਵੇਗਾ।’’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਰਜਨੀਸ਼ ਦਹੀਆਂ ਨੇ ਸੰਦੌੜ ਦਾਣਾ ਮੰਡੀ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਉਣ ਉਪਰੰਤ ਕੀਤਾ। ਇਸ ਮੌਕੇ ਐੱਸਡੀਐੱਮ ਫਿਰੋਜ਼ਪੁਰ , ਬਲਰਾਜ ਸਿੰਘ ਸੰਧੂ ਸੀਨੀਅਰ ਆਗੂ, ਰਾਜੂ ਚਾਵਲਾ ਆੜ੍ਹਤੀਏ, ਡਾ. ਕੁਲਦੀਪ ਸਿੰਘ ਲਾਹੌਰੀਆ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਪ੍ਰਦੀਪ ਬਿੰਦਰਾ, ਬਲਵਿੰਦਰ ਸਿੰਘ ਲੱਡੂ, ਡਾ. ਬਲਵਿੰਦਰ ਸਿੰਘ ਰਾਉਕੇ, ਹੈਪੀ ਨਾਰੰਗ ਅਤੇ ਪੀਏ ਫੌਜੀ ਖਰੀਦ ਏਜੰਸੀਆਂ ਦੇ ਇੰਸਪੈਕਟਰ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸਾਨਾਂ ਦੀ ਫ਼ਸਲ ਖ਼ਰੀਦ ਵਿੱਚ ਕਿਸੇ ਕਿਸਮ ਦੀ ਦੇਰੀ ਨਹੀਂ ਹੋਣੀ ਚਾਹੀਦੀ ਤੇ ਖਰੀਦ ਕੀਤੀ ਹੋਈ ਫ਼ਸਲ ਦੀ ਅਦਾਇਗੀ ਛੇਤੀ ਤੋਂ ਛੇਤੀ ਕਰਨ ਨੂੰ ਯਕੀਨੀ ਬਣਾਇਆ ਜਾਵੇ ।