ਪਰਮਜੀਤ ਸਿੰਘ
ਫਾਜ਼ਿਲਕਾ, 18 ਅਕਤੂਬਰ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਸੂਬਾਈ ਸੱਦੇ ’ਤੇ ਅੱਜ ਜ਼ਿਲ੍ਹੇ ਭਰ ਵਿਚ ਨੌਵੇਂ ਦਿਨ ਵੀ ਕਲਮ ਛੋੜ ਹੜਤਾਲ ਕੀਤੀ ਗਈ ਅਤੇ ਸਟੇਟ ਪ੍ਰੋਗਰਾਮ ਤਹਿਤ ਮਨਿਸਟੀਰੀਅਲ ਕਾਮਿਆਂ ਵਲੋਂ ਅਮਰਜੀਤ ਸਿੰਘ ਚਾਵਲਾ ਜ਼ਿਲਾ ਪ੍ਰਧਾਨ, ਸੁਖਦੇਵ ਚੰਦ ਕੰਬੋਜ ਜਨਰਲ ਸਕੱਤਰ, ਹਰਭਜਨ ਸਿੰਘ ਖੁੰਗਰ ਜ਼ਿਲ੍ਹਾ ਸਰਪ੍ਰਸਤ, ਪ੍ਰਧਾਨ ਡੀ.ਸੀ. ਦਫਤਰ ਯੁੂਨੀਅਨ ਅਸ਼ੋਕ ਕੁਮਾਰ, ਸੀ.ਪੀ.ਐਫ ਕਰਮਚਾਰੀ ਯੂਨੀਅਨ ਦੇ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਸਭਰਵਾਲ ਦੀ ਅਗਵਾਈ ਹੇਠ ਸੈਂਕੜੇ ਮਨਿਸਟੀਰੀਅਲ ਕਾਮਿਆਂ ਜਿਨ੍ਹਾਂ ‘ਚ ਇਸਤਰੀ ਮੁਲਾਜ਼ਮ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਈਆਂ। ਡੀ ਸੀ ਦਫਤਰ ਤੋਂ ਐਮਐਲਏ ਦੀ ਰਿਹਾਇਸ਼ ਤੱਕ ਰੋਸ ਮੁਜ਼ਾਹਰਾ ਕਰਕੇ ਹਲਕਾ ਫਾਜ਼ਿਲਕਾ ਦੇ ਐਮਐਲਏ ਨਰਿੰਦਰ ਸਿੰਘ ਸਵਨਾ ਦੇ ਘਰ ਦਾ ਘਿਰਾਓ ਕੀਤਾ ਤੇ ਉਨ੍ਹਾਂ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਜ਼ ਸਬੰਧੀ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਮ ਸੌਂਪਿਆ। ਇਸ ਮੌਕੇ ਵਿਧਾਇਕ ਫਾਜ਼ਿਲਕਾ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਮੁਲਾਜ਼ਮ ਆਗੂਆਂ ਨਾਲ ਗੱਲਬਾਤ ਕਰਕੇ ਮੰਗਾਂ ਦਾ ਨਿਪਟਾਰਾ ਜਲਦ ਕਰਨ ਲਈ ਉਨ੍ਹਾਂ ਵਲੋ ਮੁੱਖ ਮੰਤਰੀ ਦੇ ਓਐਸਡੀ ਨਾਲ ਚੰਡੀਗੜ੍ਹ ਵਿਖੇ ਟੈਲੀਫੋਨ ’ਤੇ ਗੱਲਬਾਤ ਕੀਤੀ ਗਈ। ਵਿਧਾਇਕ ਸਵਨਾ ਨੇ ਵਿਸ਼ਵਾਸ ਦਿਵਾਇਆ ਕਿ ਮੁਲਾਜ਼ਮਾਂ ਦੀਆਂ ਮੰਗਾਂ ਦਾ ਜਲਦੀ ਹੱਲ ਕੀਤਾ ਜਾਵੇਗਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਾਜਨ ਕੰਬੋਜ, ਸੀਨੀਅਰ ਮੀਤ ਪ੍ਰਧਾਨ ਲੇਡੀ ਵਿੰਗ ਵੀਨਾ ਰਾਣੀ, ਮੀਤ ਪ੍ਰਧਾਨ ਗੌਰਵ ਬਤਰਾ, ਸੁਰਿੰਦਰ ਸਿੰਘ ਪੀ.ਡਬਲਿਯੂ.ਡੀ., ਮੀਤ ਜਨਰਲ ਸਕੱਤਰ ਸੁਖਚੈਨ ਸਿੰਘ, ਮੀਤ ਪ੍ਰਧਾਨ ਬਲਵਿੰਦਰ ਕੌਰ, ਮੀਤ ਜਨਰਲ ਸਕੱਤਰ ਨਵਨੀਤ ਕੌਰ, ਪਵਨ ਕੁਮਾਰ ਜ਼ਿਲ੍ਹਾ ਪ੍ਰਧਾਨ ਸਹਿਤ ਜ਼ਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਦਫਤਰੀ ਕਰਮਚਾਰੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਮੰਗਾਂ ਦੇ ਹੱਕ ‘ਚ ਕਲਮਛੋੜ ਹੜਤਾਲ ਕਰ ਰਹੇ ਮਨਿਸਟਰੀਅਲ ਕਾਮਿਆਂ ਨੇ ਅੱਜ ਮੁਕਤਸਰ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੀ ਕੋਠੀ ਦਾ ਘਿਰਾਓ ਕਰਕੇ ਰੋਸ ਮੁਜ਼ਾਹਰਾ ਕੀਤਾ| ਉਧਰ ਦਫਤਰਾਂ ’ਚ ਅੱਠ ਦਿਨ ਤੋਂ ਕੰਮ ਨਾ ਹੋਣ ਕਰਕੇ ਲੋਕ ਡਾਢੇ ਪ੍ਰੇਸ਼ਾਨ ਹਨ| ਇਸ ਦੌਰਾਨ ‘ਪੰਜਾਬ ਰਾਜ ਮਨਿਸਟਰੀਅਲ ਸਰਵਿਸਜ਼ ਯੂਨੀਅਨ’ ਦੇ ਜ਼ਿਲ੍ਹਾ ਪ੍ਰਧਾਨ ਖੁਸ਼ਕਰਨਜੀਤ ਸਿੰਘ ਨੇ ਵਿਧਾਇਕ ਦੀ ਕੋਠੀ ਮੂਹਰੇ ਘਿਰਾਓ ਮੌਕੇ ਕਿਹਾ ਕਿ ਵਿਧਾਇਕ 5 ਸਾਲ ਲਈ ਬਣਦਾ ਹੈ ਪਰ ਪੈਨਸ਼ਨ ਸਾਰੀ ਉਮਰ ਲੈਂਦਾ ਹੈ ਜਦੋਂ ਕਿ ਕਰਮਚਾਰੀ ਸਾਰੀ ਉਮਰ ਕੰਮ ਕਰਕੇ ਵੀ ਪੈਨਸ਼ਨ ਦਾ ਹੱਕਦਾਰ ਨਹੀਂ ਹੈ| ਇਸ ਮੌਕੇ ਹਰਜਿੰਦਰ ਸਿੰਘ ਸਿੱਧੂ, ਪਰਮਦੀਪ ਸਿੰਘ, ਸੰਦੀਪ ਕੁਮਾਰ ਬੱਤਰਾ, ਰੁਪਿੰਦਰ ਸਿੰਘ, ਅਸ਼ੋਕ ਕੁਮਾਰ ਅਤੇ ਗੁਰਮੀਤ ਸਿੰਘ ਹੋਰਾਂ ਨੇ ਵੀ ਸੰਬੋਧਨ ਕੀਤਾ |
ਮੀਤ ਹੇਅਰ ਦੀ ਕੋਠੀ ਦਾ ਘਿਰਾਓ ਅੱਜ
ਬਰਨਾਲਾ (ਖੇਤਰੀ ਪ੍ਰਤੀਨਿਧ): ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ ਯੂਨੀਅਨ ਬਰਨਾਲਾ ਦੇ ਜਨਰਲ ਸਕੱਤਰ ਰਵਿੰਦਰ ਸ਼ਰਮਾ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਲਈ ਸੰਘਰਸ਼ ਨੂੰ ਅੱਗੇ ਤੋਰਦਿਆਂ ਭਲਕੇ 19 ਅਕਤੂਬਰ ਨੂੰ ਕੈਬਨਿਟ ਮੰਤਰੀ ਮੀਤ ਹੇਅਰ ਦੀ ਕੋਠੀ ਅੱਗੇ ਭੁੱਲੇ ਵਾਅਦੇ ਨੂੰ ਯਾਦ ਕਰਵਾਉਣ ਲਈ ਰੋਸ ਰੈਲੀ ਕੀਤੀ ਜਾਵੇਗੀ।