ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 16 ਜਨਵਰੀ
ਦੇਸ਼-ਦੁਨੀਆਂ ਵਿੱਚ ਕਰੋਨਾਵਾਇਰਸ ਮਹਾਮਾਰੀ ਫੈਲਣ ਤੋਂ ਬਾਅਦ ਪਹਿਲੀ ਵਾਰ ਮੇਲਾ ਮਾਘੀ ਮੌਕੇ ਲੱਗੀ ਕੌਮੀ ਪੱਧਰ ਦੀ ਘੋੜਾ ਮੰਡੀ ’ਚ ਲਿਆਂਦੇ ਕਰੋੜਾਂ ਦੀ ਕੀਮਤ ਦੇ ਘੋੜੇ ਖਿੱਚ ਦਾ ਕੇਂਦਰ ਬਣੇ ਹੋਏ ਹਨ। ਸ਼ਾਨਦਾਰ ਟੈਂਟਾਂ ’ਚ ਸਜਾ ਸੰਵਾਰ ਕੇ ਖੜ੍ਹੇ ਕੀਤੇ ਇਨ੍ਹਾਂ ਘੋੜਿਆਂ ਨਾਲ ਲੋਕ ਤਸਵੀਰਾਂ ਖਿਚਵਾਉਂਦੇ ਹਨ।
ਜ਼ਿਕਰਯੋਗ ਹੈ ਕਿ ਮੁਕਤਸਰ ਵਿੱਚ ਦਸਹਿਰੇ ਤੇ ਮਾਘੀ ਮੇਲੇ ਮੌਕੇ ਕੌਮੀ ਪੱਧਰ ਦੀਆਂ ਘੋੜਾ ਮੰਡੀਆਂ ਲੱਗਦੀਆਂ ਹਨ ਜਿਨ੍ਹਾਂ ਵਿੱਚ ਦੇਸ਼ ਭਰ ਵਿੱਚੋਂ ਵਪਾਰੀ ਆਉਂਦੇ ਹਨ। ਮੰਡੀ ਵਿੱਚ ਤਾਮਿਲਨਾਡੂ, ਗੁਜਰਾਤ, ਮੱਧ ਪ੍ਰਦੇਸ਼, ਮੁੰਬਈ, ਦਿੱਲੀ, ਰਾਜਸਥਾਨ ਤੋਂ ਪੁੱਜੇ ਵਪਾਰੀਆਂ ਨੇ ਦੱਸਿਆ ਕਿ ਪੰਜਾਬ ਵਿੱਚ ਘੋੜਿਆਂ ਦੀ ਬਰੀਡਿੰਗ ਦਾ ਕੰਮ ਜ਼ਿਆਦਾ ਹੁੰਦਾ ਹੈ, ਇਸ ਕਰਕੇ ਉਹ ਇੱਥੋਂ ਘੋੜੇ-ਘੋੜੀਆਂ ਅਤੇ ਘੋੜਿਆਂ ਦੇ ਬੱਚੇ ਲੈ ਕੇ ਜਾਂਦੇ ਹਨ। ਦਿੱਲੀ ਤੇ ਮੁੰਬਈ ਵਿੱਚ ਨੁਕਰੇ ਘੋੜੇ ਦੀ ਮੰਗ ਜ਼ਿਆਦਾ ਹੈ। ਨੁਕਰੇ ਘੋੜੇ ਦੀ ਖਾਸੀਅਤ ਉਸ ਦਾ ਸਫੈਦ ਰੰਗ ਤੇ ਤਿੱਖੇ ਖੜ੍ਹੇ ਅਤੇ ਉਪਰੋਂ ਜੁੜੇ ਕੰਨ ਹੁੰਦੇ ਹਨ। ਇਹ ਘੋੜਾ ਵਿਆਹਾਂ ਅਤੇ ਫਿਲਮਾਂ ’ਚ ਜ਼ਿਆਦਾ ਵਰਤਿਆ ਜਾਂਦਾ ਹੈ। ਗੁਜਰਾਤ, ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਮਾਰਵਾੜੀ ਘੋੜੇ ਦੀ ਮੰਗ ਹੈ। ਮਾਰਵਾੜੀ ਘੋੜਾ ਯੁੱਧਾਂ ਵਿੱਚ ਵਰਤਿਆ ਜਾਂਦਾ ਹੈ। ਇਸ ਘੋੜੇ ਦੀ ਚੁਸਤੀ, ਫੁਰਤੀ ਦੇ ਲਿਹਾਜ਼ ਨਾਲ ਹੀ ਇਸ ਦਾ ਮੁੱਲ ਪੈਂਦਾ ਹੈ। ਪਿੰਡ ਚੱਕ ਸ਼ੇਰੇਵਾਲਾ ਦੇ ਗੁਰਮੇਹਰ ਸਟੱਡ ਫਾਰਮ ਦੇ ਪ੍ਰਬੰਧਕ ਪਿੰਦਰ ਬਰਾੜ ਨੇ ਕਿਹਾ ਕਿ ਉਨ੍ਹਾਂ ਦੇ ਮਾਰਵਾੜੀ ਨਸਲ ਦੇ ਇਕ ਘੋੜੇ ਦਾ ਮੁੱਲ ਕਰੀਬ ਦੋ ਕਰੋੜ ਰੁਪਏ ਲੱਗ ਚੁੱਕਿਆ ਹੈ ਪਰ ਉਹ ਇਸ ਨੂੰ ਵੇਚਣਾ ਨਹੀਂ ਚਾਹੁੰਦੇ। ਇਨ੍ਹਾਂ ਘੋੜਿਆਂ ਨੂੰ ਗਰਮੀਆਂ ’ਚ ਜੌਂ, ਜਵੀ, ਛੋਲਿਆਂ ਦੀ ਚੂਰੀ ਅਤੇ ਸਰਦੀਆਂ ਵਿੱਚ ਮੋਠਾਂ ਦੀ ਚੂਰੀ ਅਤੇ ਅਲਸੀ ਵਗੈਰ੍ਹਾ ਦਿੱਤੀ ਜਾਂਦੀ ਹੈ। ਉਨ੍ਹਾਂ ਆਖਿਆ ਕਿ ਪਹਿਲਾਂ ਵਾਂਗ ਹੁਣ ਵੀ ਪਸ਼ੂਆਂ ਦੇ ਮੁਕਾਬਲੇ ਕਰਵਾਏ ਜਾਣੇ ਚਾਹੀਦੇ ਹਨ। ਸਿਰਸਾ ਤੋਂ ਆਏ ਤੇਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਨੁਕਰਾ ਘੋੜਾ 70 ਇੰਚ ਕੱਦ ਦਾ ਹੋਣ ਕਰ ਕੇ ਭਾਰਤ ਵਿੱਚੋਂ ਪਹਿਲੇ ਨੰਬਰ ਦਾ ਘੋੜਾ ਹੈ ਕਿਉਂਕਿ ਆਮ ਨੁਕਰੇ ਘੋੜਿਆਂ ਦਾ ਕੱਦ 65 ਇੰਚ ਤੱਕ ਹੁੰਦਾ ਹੈ। ਰੂਹੀ ਨਾਮ ਦੇ ਇਸ ਘੋੜੇ ਦਾ ਕਰੀਬ 85 ਲੱਖ ਰੁਪਏ ਮੁੱਲ ਲੱਗ ਚੁੱਕਿਆ ਹੈ।
ਮਹਾਰਾਸ਼ਟਰ ਤੋਂ ਆਏ ਗੋਪਾਲ ਰੰਘੇਲ ਨੇ ਕਿਹਾ ਕਿ ਉਹ ਨੁਕਰਾ ਘੋੜਾ ਲੈਣ ਵਾਸਤੇ ਬੰਬਈ ਤੋਂ ਆਏ ਹਨ। ਉਨ੍ਹਾਂ ਦੱਸਿਆ ਕਿ ਬੰਬਈ ਖੇਤਰ ਵਿੱਚ ਨੁਕਰੇ ਘੋੜਿਆਂ ਦੀ ਬਹੁਤ ਮੰਗ ਹੈ ਤੇ ਇਹ ਸਾਰੇ ਪੰਜਾਬ ਵਿੱਚੋਂ ਹੀ ਜਾਂਦੇ ਹਨ। ਗੋਨੇਆਣਾ ਖੁਰਦ ਦੇ ਕੁਲਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ 66 ਇੰਚੀ ਮਾਰਵਾੜੀ ਘੋੜਾ ਜਗਰਾਉਂ ਵਿੱਚ ਹੋਏ ਇੱਕ ਮੁਕਾਬਲੇ ’ਚ ਭਾਰਤ ਜੇਤੂ ਕਰਾਰ ਦਿੱਤਾ ਗਿਆ ਸੀ। ਉਹ ਇਸ ਘੋੜੇ ਨੂੰ ਬਰੀਡਿੰਗ ਵਾਸਤੇ ਵਰਤਦੇ ਹਨ ਤੇ ਇੱਥੇ ਪ੍ਰਦਰਸ਼ਨੀ ਵਾਸਤੇ ਲੈ ਕੇ ਆਏ ਸਨ।
ਅਗਾਂਹਵਧੂ ਕਿਸਾਨ ਪਰਮਜੀਤ ਸਿੰਘ ਬਿੱਲੂ ਸਿੱਧੂ ਨੇ ਕਿਹਾ ਕਿ ਖੇਤੀ ਦੇ ਨਾਲ ਸਹਾਇਕ ਧੰਦੇ ਵਜੋਂ ਘੋੜਿਆਂ ਦਾ ਕਾਰੋਬਾਰ ਦੂਸਰੇ ਧੰਦਿਆਂ ਨਾਲੋਂ ਚੰਗਾ ਹੈ ਕਿਉਂਕਿ ਇਸ ਵਿੱਚ ਬਹੁਤ ਘੱਟ ਬੰਦਿਆਂ ਦੀ ਲੋੜ ਪੈਂਦੀ ਹੈ। ਉਨ੍ਹਾਂ ਸਰਕਾਰ ਕੋਲੋਂ ਸਹੂਲਤਾਂ ਦੇ ਕੇ ਇਸ ਧੰਦੇ ਨੂੰ ਪ੍ਰਫੁੱਲਤ ਕਰਨ ਦੀ ਮੰਗ ਕੀਤੀ। ਪਸ਼ੂ ਮੰਡੀ ਦੇ ਪ੍ਰਬੰਧਕ ਨੇ ਦੱਸਿਆ ਕਿ ਕਰੀਬ ਦੋ ਹਜ਼ਾਰ ਘੋੜੇ ਮੰਡੀ ਵਿੱਚ ਆ ਚੁੱਕੇ ਹਨ ਪਰ ਵੇਚ-ਖਰੀਦ ਬਹੁਤ ਘੱਟ ਹੋਈ ਹੈ।