ਜਸਵੰਤ ਜੱਸ
ਫ਼ਰੀਦਕੋਟ, 19 ਦਸੰਬਰ
ਉਰਦੂ ਸ਼ਾਇਰ ਮਿਰਜ਼ਾ ਗਾਲਬਿ ਦੇ ਜਨਮ ਦਿਨ ’ਤੇ ਅੱਜ ਬ੍ਰਿਜਿੰਦਰਾ ਕਾਲਜ ਵਿੱਚ ‘ਜਸ਼ਨ-ਏ -ਗ਼ਾਲਬਿ’ ਮਹਿਫ਼ਲ ਕਰਵਾਈ ਗਈ। ਇਸ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉਰਦੂ ਵਿਭਾਗ ਦੇ ਮੁਖੀ ਡਾ. ਅਲੀ ਅੱਬਾਸ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸਮਾਗਮ ਦੇ ਕਨਵੀਨਰ ਜਗਦੀਸ਼ ਪ੍ਰਸਾਦ ਨੇ ਕਿਹਾ ਕਿ ਗ਼ਾਲਬਿ ਦੀ ਸ਼ਾਇਰੀ ਨੂੰ ਰਹਿੰਦੀ ਦੁਨੀਆਂ ਤਕ ਮਾਣਿਆ ਜਾਵੇਗਾ। ਅੱਬਾਸ ਅਲੀ ਨੇ ਕਿਹਾ ਕਿ ਮਿਰਜ਼ਾ ਗ਼ਾਲਬਿ ਦੁਨੀਆਂ ਦਾ ਇੱਕ ਵਿਲੱਖਣ ਸ਼ਾਇਰ ਸੀ, ਜਿਸ ਨੇ ਸਾਰੇ ਵਰਗਾਂ ਲਈ ਸ਼ਾਇਰੀ ਲਿਖੀ। ਉਨ੍ਹਾਂ ਮਿਰਜ਼ਾ ਗ਼ਾਲਬਿ ਦੇ ਜੀਵਨ ਅਤੇ ਸ਼ਾਇਰੀ ’ਤੇ ਸਰੋਤਿਆਂ ਨਾਲ ਵਿਚਾਰ ਸਾਂਝੇ ਕੀਤੇ। ਬਰਜਿੰਦਰਾ ਕਾਲਜ ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਰਾਜੇਸ਼ ਮੋਹਨ ਅਤੇ ਉਰਦੂ ਦੇ ਸ਼ਾਇਰ ਜਾਵੇਦ ਅਹਿਮਦ ਨੇ ਗ਼ਾਲਬਿ ਦੀਆਂ ਕਈ ਗ਼ਜ਼ਲਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਕੁਮਾਰ ਸਿੰਗਲਾ, ਪ੍ਰੋ. ਵਰਿਆਮ ਸਿੰਘ ਆਦਿ ਵੀ ਹਾਜ਼ਰ ਸਨ।