ਪੱਤਰ ਪ੍ਰੇਰਕ
ਗਿੱਦੜਬਾਹਾ, 13 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਹਲਕੇ ਦੇ ਪਿੰਡਾਂ ਵਿੱਚ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਇਸ ਤਹਿਤ ਉਨ੍ਹਾਂ ਅੱਜ ਹਲਕੇ ਦੇ ਪਿੰਡ ਗੁਰੂਸਰ, ਲੁੰਡੇਵਾਲਾ ਅਤੇ ਭੂੰਦੜ ਵਿੱਚ ਆਗੂਆਂ ਤੇ ਵਰਕਰਾਂ ਨੂੰ ਮਿਲ ਕੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵਰਕਰਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਡਿੰਪੀ ਢਿੱਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕ ਅਜਿਹੀ ਪਾਰਟੀ ਹੈ ਜਿਸ ਨੇ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਦੇ ਹੱਕਾਂ ਲਈ ਹਮੇਸ਼ਾ ਅੱਗੇ ਹੋ ਕੇ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਬੇਅਦਬੀ ਦੇ ਨਾਂ ’ਤੇ ਸਿਆਸਤ ਕਰਕੇ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਬਦਨਾਮ ਕੀਤਾ, ਪਰ ਸੱਚ ਲੋਕਾਂ ਦੇ ਸਾਹਮਣੇ ਆ ਹੀ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਸਮੇਂ ਬਣੀ ‘ਸਿਟ’ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਗਵਾਈ ਵਿੱਚ ਬੇਅਦਬੀ ਸਬੰਧੀ ਆਪਣੀ ਜਾਂਚ ਰਿਪੋਰਟ ਪੇਸ਼ ਕੀਤੀ, ਜਿਸ ਵਿਚ ਅਕਾਲੀ ਦਲ ਜਾਂ ਬਾਦਲ ਪਰਿਵਾਰ ਦੇ ਕਿਸੇ ਮੈਂਬਰ ਦਾ ਨਾਮ ਨਹੀਂ ਆਇਆ। ‘ਸਿਟ’ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਬੇਅਦਬੀ ਕਾਂਡ ਵਿੱਚੋਂ ਕਲੀਨ ਚਿੱਟ ਦਿੱਤੀ ਹੈ। ਉਨ੍ਹਾਂ ਵਰਕਰਾਂ ਨੂੰ ਪਾਰਟੀ ਲਈ ਇਮਾਨਦਾਰੀ ਨਾਲ ਅੱਗੇ ਹੋ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ।