ਲਖਵੀਰ ਸਿੰਘ ਚੀਮਾ
ਟੱਲੇਵਾਲ, 13 ਜੂਨ
ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢੇ ਗਏ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾਂ ਦੀ ਲੋਕ ਸਭਾ ਜ਼ਿਮਨੀ ਚੋਣ ਦਰਮਿਆਨ ਬੀਤੇ ਦਿਨੀਂ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨਾਲ ਮਿਲਣੀ ਨੇ ਇਲਾਕੇ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦੋ ਦਹਾਕਿਆਂ ਤੋਂ ਜਥੇਦਾਰ ਚੂੰਘਾਂ ਅਕਾਲੀ ਦਲ ਦੀ ਹਰੇਕ ਮੀਟਿੰਗ ਅਤੇ ਹਰੇਕ ਚੋਣ ਜਲਸੇ ਵਿਚ ਮੋਹਰਲੀਆਂ ਸਫ਼ਾਂ ਵਿੱਚ ਹੋਇਆ ਕਰਦੇ ਸਨ। ਲੰਘੀ ਵਿਸਾਖੀ ਮੌਕੇ ਭਗਵੰਤ ਮਾਨ ਨੂੰ ਸਿਰੋਪਾ ਦੇਣ ਮਗਰੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਆਗੂਆਂ ਖ਼ਿਲਾਫ਼ ਟਿੱਪਣੀਆਂ ਕੀਤੀਆਂ ਸਨ। ਇਸ ਮਗਰੋਂ ਅਕਾਲੀ ਦਲ ਨੇ ਜਥੇਦਾਰ ਚੂੰਘਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਸੀ। ਬੀਤੇ ਦਿਨੀਂ ਸਿਕੰਦਰ ਸਿੰਘ ਮਲੂਕਾ ਵਲੋਂ ਜਥੇਦਾਰ ਬਲਦੇਵ ਚੂੰਘਾਂ ਦੇ ਘਰ ਕੀਤੀ ਮੀਟਿੰਗ ਨੇ ਭਦੌੜ ਹਲਕੇ ਦੇ ਅਕਾਲੀ ਆਗੂਆਂ ਵਿੱਚ ਚਰਚਾ ਛੇੜ ਦਿੱਤੀ ਹੈ। ਇਸ ਸਬੰਧੀ ਸਿਕੰਦਰ ਸਿੰਘ ਮਲੂਕਾ ਨਾਲ ਸੰਪਰਕ ਨਹੀਂ ਹੋ ਸਕਿਆ, ਪਰ ਬਲਦੇਵ ਸਿੰਘ ਚੂੰਘਾਂ ਨੇ ਕਿਹਾ ਕਿ ਮਲੂਕਾ ਸਾਹਿਬ ਉਨ੍ਹਾਂ ਦਾ ਹਾਲ-ਚਾਲ ਜਾਨਣ ਲਈ ਆਏ ਸਨ, ਕਿਉਂਕਿ ਉਹ ਕਾਫੀ ਸਮੇਂ ਤੋਂ ਸਿਹਤਯਾਬ ਨਹੀਂ ਹਨ।