ਨਿੱਜੀ ਪੱਤਰ ਪ੍ਰੇਰਕ
ਮੋਗਾ, 2 ਅਪਰੈਲ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਵੱਢੀਖੋਰੀ ਰੋਕਣ ਲਈ ਵਿੱਢੀ ਮੁਹਿੰਮ ਤੋਂ ਬਾਅਦ ਸੂਬੇ ਭਰ ਵਿੱਚ ਪਟਵਾਰੀਆਂ ਨਾਲ ਕੰਮ ਕਰਦੇ ਹਜ਼ਾਰਾਂ ਪ੍ਰਾਈਵੇਟ ਕਰਿੰਦੇ ‘ਬੇਰੁਜ਼ਗਾਰ’ ਹੋ ਗਏ ਹਨ।
ਇਨ੍ਹਾਂ ਵੱਲੋਂ ਦਿ ਰੈਵੇਨਿਊ ਪਟਵਾਰ ਸਹਾਇਕ ਯੂਨੀਅਨ ਦੀ ਅਵਗਾਈ ਹੇਠ ਹਲਕਾ ਵਿਧਾਇਕਾਂ ਨੂੰ ਮੰਗ ਪੱਤਰ ਸੌਂਪ ਕੇ ਰੁਜ਼ਗਾਰ ਦੀ ਮੰਗ ਕੀਤੀ ਗਈ ਹੈ। ਇੱਥੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਉਨ੍ਹਾਂ ਕਿਹਾ ਕਿ ਉਹ ਕਰੀਬ 20 ਸਾਲਾਂ ਤੋਂ ਪਟਵਾਰੀਆਂ ਨਾਲ ਬਤੌਰ ਸਹਾਇਕ ਕੰਮ ਕਰਦੇ ਆ ਰਹੇ ਹਨ। ਜ਼ਿਲ੍ਹੇ ਵਿੱਚ 190 ’ਚੋਂ 135 ਪਟਵਾਰੀਆਂ ਦੀਆਂ ਆਸਾਮੀਆਂ ਖਾਲੀ ਹਨ ਅਤੇ ਵੱਡੀ ਗਿਣਤੀ ਵਿੱਚ ਕਾਨੂੰਗੋ ਦੀਆਂ ਅਸਾਮੀਆਂ ਵੀ ਖਾਲੀ ਹਨ। ਇਕ ਪਟਵਾਰੀ ਨੂੰ 5-6 ਪਿੰਡਾਂ ਦਾ ਕੰਮ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਕਾਨੂੰਗੋਆਂ ਕੋਲ ਵੀ ਕਈ-ਕਈ ਸਰਕਲਾਂ ਦੇ ਚਾਰਜ ਹਨ। ਪਟਵਾਰੀਆਂ ਨੇ ਆਪਣੇ ਨਾਲ ਕੁਝ ਸਹਾਇਕ ਬੇਰੁਜ਼ਗਾਰ ਨੌਜਵਾਨਾਂ ਨੂੰ ਬਤੌਰ ਸਹਾਇਕ ਪਟਵਾਰੀ ਦੇ ਕੰਮਕਾਜ ਲਈ ਰੱਖਿਆ ਹੋਇਆ ਹੈ, ਜਿਨ੍ਹਾਂ ਦਾ ਖ਼ਰਚਾ ਪਟਵਾਰੀ ਆਪਣੀ ਜੇਬ ’ਚੋਂ ਕਰਦੇ ਹਨ।
ਉਨ੍ਹਾਂ ਕਿਹਾ ਕਿ ਉਹ ਵਿਧਾਇਕਾਂ ਨੂੰ ਮੰਗ ਪੱਤਰ ਦੇ ਚੁੱਕੇ ਹਨ ਕਿ ਉਨ੍ਹਾਂ ਨੂੰ ਬੇਰੁਜ਼ਗਾਰ ਨਾ ਕੀਤਾ ਜਾਵੇ ਬਲਕਿ ਪਟਵਾਰ ਮੈਨੂਅਲ ਰਿਕਾਰਡ ਦੇ 3.13 ਪੈਰਾ ਮੁਤਾਬਕ ਨਾਇਬ ਪਟਵਾਰੀ ਦੀ ਪੋਸਟ ਮੁਤਾਬਕ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਉਮਰ ਦੇ ਲਿਹਾਜ ਨਾਲ ਹੁਣ ਉਹ ਹੋਰ ਕਿਤੇ ਨੌਕਰੀ ਵੀ ਨਹੀਂ ਕਰ ਸਕਦੇ। ਜਨਤਾ ਦੀ ਸਹੁਲਤ ਨੂੰ ਮੁੱਖ ਰੱਖ ਕੇ ਡੀਸੀ ਰੇਟ ’ਤੇ ਭਰਤੀ ਕੀਤਾ ਜਾਵੇ।