ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 5 ਮਈ
ਪਿਛਲੇ ਕਰੀਬ ਛੇ ਮਹੀਨਿਆਂ ਤੋਂ ਨਵੇਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ’ਤੇ ਮੋਰਚਾ ਲਾਈ ਬੈਠੇ ਕਿਸਾਨਾਂ ਦੀ ਸਿਹਤ ਦਾ ਖਿਆਲ ਰੱਖਦਿਆਂ ਇੱਥੋਂ ਦੇ ਗੁਰਦੁਆਰਾ ਲੰਗਰ ਮਾਤਾ ਖੀਵੀ ਜੀ ਦੇ ਪ੍ਰਬੰਧਕਾਂ ਨੇ 75 ਹਜ਼ਾਰ ਕਿਸਾਨਾਂ ਲਈ ਹੋਮਿਓਪੈਥੀ ਦਵਾਈਆਂ ਭੇਜੀਆਂ ਹਨ। ਡਾ. ਦੁਸ਼ਿਅੰਤ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੋਮਿਓਪੈਥੀ ਦੀ ਦਵਾਈ ‘ਡਿਲੀਊਸ਼ਨ’ ਨੂੰ ਕੁਝ ਸਮਾਂ ਪਹਿਲਾਂ ਹੀ ਮਾਨਤਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਦਵਾਈ ਮਨੁੱਖ ਨੂੰ ਸਿਹਤਮੰਦ ਰੱਖਦੀ ਹੈ ਅਤੇ ਉਸ ਨੂੰ ਬਿਮਾਰੀਆਂ ਤੇ ਵਾਇਰਸਾਂ ਦੇ ਹਮਲੇ ਤੋਂ ਬਚਣ ਵਿੱਚ ਮੱਦਦ ਕਰਦੀ ਹੈ। ਗੁਰਦੁਆਰੇ ਦੇ ਮੁੱਖ ਸੇਵਾਦਾਰ ਕੈਪਟਨ ਧਰਮ ਸਿੰਘ ਨੇ ਕਿਹਾ ਕਿ ਉਹ ਛੇ ਵਾਰ ਦਿੱਲੀ ਦੀਆਂ ਸਰਹੱਦਾਂ ’ਤੇ ਰਸਦ ਅਤੇ ਹੋਰ ਲੋੜੀਂਦਾ ਸਾਮਾਨ ਭੇਜ ਚੁੱਕੇ ਹਨ। ਬਾਸਕਟਬਾਲ ਦੇ ਕੌਮੀ ਖਿਡਾਰੀ ਗੁਰਦਿੱਤ ਸਿੰਘ ਸੇਖੋਂ ਅਤੇ ਗੁਰਦੁਆਰੇ ਦੇ ਸੇਵਾਦਾਰ ਹਰਬਰਿੰਦਰ ਸਿੰਘ ਹੈਪੀ ਬਰਾੜ ਨੇ ਕਿਹਾ ਕਿ ਦਿੱਲੀ ਵਿੱਚ ਕਰੋਨਾ ਦਾ ਕਹਿਰ ਸਿਖਰ ’ਤੇ ਹੈ। ਇਸ ਦੇ ਬਾਵਜੂਦ ਸੰਘਰਸ਼ ਲਈ ਡਟੇ ਕਿਸਾਨ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਉਨ੍ਹਾਂ ਦੀ ਤੰਦਰੁਸਤੀ ਲਈ ਹਰ ਸੰਭਵ ਮੱਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਹੱਦਾਂ ’ਤੇ ਬੈਠੇ ਕਿਸਾਨਾਂ ਲਈ ਲੋੜੀਂਦੀਆਂ ਦਵਾਈਆਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਮੌਕੇ ਅਮਨਦੀਪ ਸਿੰਘ, ਸੁਰਿੰਦਰ ਸਿੰਘ ਸਾਧਾਂਵਾਲਾ ਆਦਿ ਵੀ ਹਾਜਰ ਸਨ।