ਜਸਵੰਤ ਜੱਸ
ਫਰੀਦਕੋਟ, 22 ਜੂਨ
ਫ਼ਰੀਦਕੋਟ ਜ਼ਿਲ੍ਹੇ ਦੀ ਮੁੱਖ ਅਨਾਜ ਮੰਡੀ ਵਿੱਚ ਅੱਜ ਮੂੰਗੀ ਦੀ ਖਰੀਦ ਸ਼ੁਰੂ ਹੋ ਗਈ। ਜਿਸ ਦਾ ਰਸਮੀ ਉਦਘਾਟਨ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕੀਤਾ। ਇਸ ਮੌਕੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਸਨ। ਅਨਾਜ ਮੰਡੀ ਵਿੱਚ ਮੂੰਗੀ ਦੇ ਕਾਸ਼ਤਕਾਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਵਿਧਾਇਕ ਅਤੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੂੰਗੀ ਦੀ ਫਸਲ ਲਈ ਸਮਰੱਥਨ ਮੁੱਲ 7275 ਰੁਪਏ ਐਲਾਨਣ ਤੋਂ ਬਾਅਦ ਜ਼ਿਲ੍ਹੇ ਵਿੱਚ ਦਾਲਾਂ ਦੀ ਕਾਸ਼ਤ ਦੁੱਗਣੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਰੀਬ 1500 ਹੈਕਟੇਅਰ ਮੂੰਗੀ ਦੀ ਕਾਸ਼ਤ ਹੋਈ ਹੈ ਜਦੋਂਕਿ ਪਿਛਲੇ ਸਾਲ ਇਹ ਰਕਬਾ 700 ਹੈਕਟੇਅਰ ਹੀ ਸੀ। ਮੂੰਗੀ ਦੀ ਫਸਲ ਮਾਰਕਫੈੱਡ ਵੱਲੋਂ ਖਰੀਦੀ ਜਾਵੇਗੀ।
ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਡੀ.ਐਸ.ਧਾਲੀਵਾਲ ਨੇ ਦੱਸਿਆ ਕਿ ਅੱਜ ਜਿਲੇ ਵਿੱਚ ਮੂੰਗੀ ਦੀ ਪਹਿਲੀ ਢੇਰੀ ਖਰੀਦੀ ਗਈ ਹੈ ਅਤੇ ਸਾਰੀ ਖਰੀਦ ਭਾਰਤ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਕੀਤੀ ਜਾਵੇਗੀ ਤੇ ਇਸ ਲਈ ਫਰੀਦਕੋਟ ਦੀ ਮੁੱਖ ਅਨਾਜ ਮੰਡੀ ਨੂੰ ਖਰੀਦ ਕੇਂਦਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ਮੂੰਗੀ ਦੀ ਫਸਲ ਵੇਚਣ ਵਾਲੇ ਕਿਸਾਨਾਂ ਲਈ ਜਮੀਨ ਦੇ ਵੇਰਵੇ ਅਤੇ ਮੌਕੇ ‘ਤੇ ਲੱਗੀ ਫਸਲ ਦੀ ਗਿਰਦਾਵਰੀ ਦੇ ਵੇਰਵੇ ਅਨਾਜ ਖਰੀਦ ਪੋਰਟਲ ’ਤੇ ਦਰਜ ਕਰਵਾਉਣੇ ਲਾਜ਼ਮੀ ਹਨ। ਇਸ ਮੌਕੇ ਜ਼ਿਲ੍ਹਾ ਮੰਡੀ ਅਫਸਰ ਸਲੋਧ ਬਿਸ਼ਨੋਈ, ਡੀ.ਐਫ.ਐਸ.ਸੀ. ਸੁਖਵਿੰਦਰ ਸਿੰਘ ਗਿੱਲ, ਗੁਰਦੀਪ ਸਿੰਘ ਬਰਾੜ ਸੈਕਟਰੀ ਮਾਰਕੀਟ ਕਮੇਟੀ, ਗੁਰਜੰਟ ਸਿੰਘ, ਭੁਪਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
ਭਗਤਾ ਭਾਈ ਵਿੱਚ ਵੀ ਫਸਲ ਦੀ ਖਰੀਦ ਸ਼ੁਰੂ
ਭਗਤਾ ਭਾਈ (ਪੱਤਰ ਪ੍ਰੇਰਕ): ਸਥਾਨਕ ਸ਼ਹਿਰ ਦੀ ਅਨਾਜ ਮੰਡੀ ’ਚ ਅੱਜ ਮੂੰਗੀ ਦੀ ਫ਼ਸਲ ਦੀ ਖਰੀਦ ਸ਼ੁਰੂ ਹੋ ਗਈ। ਇਸ ਮੌਕੇ ਖਰੀਦ ਦੀ ਸ਼ੁਰੂਆਤ ਕਰਵਾਉਂਦਿਆਂ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਸੂਬਾ ਜੁਆਇੰਟ ਸਕੱਤਰ ਨਛੱਤਰ ਸਿੰਘ ਸਿੱਧੂ ਨੇ ਕਿਹਾ ਕਿ ਮੂੰਗੀ ਦੀ ਫ਼ਸਲ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਰਾਕੇਸ਼ ਅਰੋੜਾ, ਮੁਕੇਸ਼ ਕੁਮਾਰ, ਪਰਮਪਾਲ ਸਿੰਘ, ਜਸਵੀਰ ਸਿੱਧੂ, ਦਲੀਪ ਸਿੰਘ ਫੌਜੀ ਆਦਿ ਹਾਜ਼ਰ ਸਨ।