ਜੋਗਿੰਦਰ ਸਿੰਘ ਮਾਨ
ਮਾਨਸਾ, 3 ਮਈ
ਖੇਤੀ ਵਿਭਿੰਨਤਾ ਤਹਿਤ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਵਾਲੀ ਰੇਤਲੀ ਧਰਤੀ ਉਪਰ ਬੀਜੀ ਸ਼ਿਮਲਾ ਮਿਰਚ ਹੁਣ ਬਾਹਰਲੇ ਰਾਜਾਂ ਦੇ ਵਪਾਰੀ ਆ ਕੇ ਖਰੀਦਣ ਲੱਗੇ ਹਨ। ਇਸ ਸ਼ਿਮਲਾ ਮਿਰਚ ਨੂੰ ਜੰਕ ਫੂਡ ਦੀ ਰਾਣੀ ਮੰਨਿਆ ਜਾਂਦਾ ਹੈ, ਜਿਸ ਲਈ ਅੱਜ-ਕੱਲ੍ਹ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੱਛਮੀ ਬੰਗਾਲ, ਅਸਾਮ ਅਤੇ ਰਾਜਸਥਾਨ ਦੇ ਵਪਾਰੀ ਇਸ ਜ਼ਿਲ੍ਹੇ ਦੇ ਪਿੰਡਾਂ ’ਚੋਂ ਇਸ ਨੂੰ ਖਰੀਦਕੇ ਲਿਜਾਣ ਲੱਗੇ ਹਨ। ਮਾਨਸਾ ਨੇੜਲੇ ਪਿੰਡ ਭੈਣੀਬਾਘਾ ਵਿਖੇ ਅੱਜ-ਕੱਲ੍ਹ ਪੱਛਮੀ ਬੰਗਾਲ ਦੇ ਸਿਲੀਗੁੜੀ ਅਤੇ ਦਾਰਜਲਿੰਗ ਸਮੇਤ ਅਸਾਮ ਦੇ ਗੁਹਾਟੀ ਤੋਂ ਵਪਾਰੀ ਇਸ ਨੂੰ ਖਰੀਦਣ ਪੁੱਜੇ ਹੋਏ ਹਨ।
ਇਹ ਕਿਸਾਨ ਲੰਬੇ ਸਮੇਂ ਤੋਂ ਪਿੰਡ ਭੈਣੀਬਾਘਾ ਸਮੇਤ ਇਸ ਜ਼ਿਲ੍ਹੇ ਦੇ ਲਗਪਗ ਦੋ ਦਰਜਨ ਪਿੰਡਾਂ ਵਿੱਚ ਕਈ ਸਾਲਾਂ ਤੋਂ ਸ਼ਿਮਲਾ ਮਿਰਚ ਨੂੰ ਬੀਜਦੇ ਆ ਰਹੇ ਹਨ। ਕਰੋਨਾ ਦੇ ਦਿਨਾਂ ਦੌਰਾਨ ਕਰਫਿਊ ਮੌਕੇ ਵੀ ਇਨ੍ਹਾਂ ਪਿੰਡੋਂ ਵਿਚੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਟਰੱਕਾਂ ਦੇ ਟਰੱਕ ਸ਼ਿਮਲਾ ਮਿਰਚਾਂ ਦੇ ਜਾਂਦੇ ਰਹੇ ਹਨ। ਉਸ ਵੇਲੇ ਦੇ ਮਾਨਸਾ ਸਥਿਤ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਜਦੋਂ ਕਿਸਾਨਾਂ ਦੀ ਬੇਨਤੀ ’ਤੇ ਪਿੰਡ ਭੈਣੀਬਾਘਾ ਵਿਖੇ ਜਾ ਕੇ ਭਰਪੂਰ ਜੋਬਨ ’ਤੇ ਖੜ੍ਹੀ ਇਸ ਸ਼ਿਮਲਾ ਮਿਰਚ ਨੂੰ ਵੇਖਿਆ ਤਾਂ ਉਨ੍ਹਾਂ ਨੇ ਕਿਸਾਨਾਂ ਨੂੰ ਅੰਤਰਰਾਜੀ ਪਾਸ ਬਣਾਕੇ ਬਾਹਰਲੇ ਰਾਜਾਂ ਵਿੱਚ ਵੇਚਣ ਲਈ ਹਰ ਤਰ੍ਹਾਂ ਦੀ ਸਹੂਲਤ ਦੇਣ ਦੀ ਨਵੀਂ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਅੱਜ ਤੱਕ ਕਿਸਾਨਾਂ ਦੇ ਹੌਸਲੇ ਵੱਧੇ ਹੋਏ ਹਨ।
ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਸ਼ਿਮਲਾ ਮਿਰਚ ਮਾਨਸਾ ਸਮੇਤ ਪੰਜਾਬ ਦੇ ਦੂਜੇ ਜ਼ਿਲ੍ਹਿਆਂ ਦੀਆਂ ਮੰਡੀਆਂ ਤੋੋਂ ਇਲਾਵਾ ਜ਼ਿਆਦਾਤਰ ਦੂਜੇ ਰਾਜਾਂ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਰਾਜਸਥਾਨ, ਆਗਰਾ, ਦਿੱਲੀ, ਹੈਦਰਾਬਾਦ, ਲਖਨਊ, ਜੈਪੁਰ, ਅਸਾਮ ਅਤੇ ਪੱਛਮੀ ਬੰਗਾਲ ਆਦਿ ਵਿਖੇ ਸਪਲਾਈ ਕੀਤੀ ਜਾਂਦੀ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਪਹਿਲ ਉਹ ਬਾਹਰਲੇ ਰਾਜਾਂ ਵਿੱਚ ਖੁਦ ਮੰਡੀਕਰਨ ਕਰਦੇ ਸਨ, ਪਰ ਹੁਣ ਬਾਹਰਲੇ ਰਾਜਾਂ ਦੇ ਵਪਾਰੀ ਹੀ ਇਥੇ ਆ ਜਾਂਦੇ ਹਨ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਸ਼ਿਮਲਾ ਮਿਰਚ ਦਾ ਭਾਅ 8 ਤੋਂ 11 ਰੁਪਏ ਚੱਲ ਰਿਹਾ ਹੈ ਪਰ ਕਿਸਾਨਾਂ ਨੂੰ ਘੱਟੋ-ਘੱਟ 20 ਰੁਪਏ ਭਾਅ ਮਿਲਣਾ ਚਾਹੀਦਾ ਹੈ ਕਿਉਂਕਿ ਇਸ ’ਤੇ ਖਰਚ ਬਹੁਤ ਜ਼ਿਆਦਾ ਹੁੰਦਾ ਹੈ।
ਉਨ੍ਹਾਂ ਦੱਸਿਆ ਇਸ ਦੀ ਤੁੜਾਈ ਲਈ ਲੇਬਰ ਮਹਿੰਗੀ ਪੈਂਦੀ ਹੈ। ਕਿਸਾਨ ਆਗੂ ਨੇ ਕਿਹਾ ਕਿ ਇਕੱਲੇ ਭੈਣੀਬਾਘਾ ਦੇ ਕਿਸਾਨਾਂ ਵੱਲੋਂ ਬੀਜੀ ਜਾਂਦੀ ਇਸ ਸ਼ਿਮਲਾ ਮਿਰਚ ਕਾਰਨ ਭੈਣੀ ਬਾਘਾ ਸਮੇਤ ਠੂਠਿਆਂਵਾਲੀ, ਖੋਖਰ ਕਲਾਂ, ਬੁਰਜ ਰਾਠੀ, ਬੁਰਜ ਹਰੀ, ਭਾਈ ਦੇਸਾ ਛੇ ਪਿੰਡਾਂ ਦੇ ਮਜ਼ਦੂਰਾਂ ਨੂੰ ਲਗਾਤਾਰ 5 ਮਹੀਨੇ ਰੁਜ਼ਗਾਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਇਹ ਸ਼ਿਮਲਾ ਮਿਰਚ ਕਈ ਹੋਰ ਪਿੰਡਾਂ ਵਿੱਚ ਬੀਜੀ ਜਾਂਦੀ ਹੈ, ਜਿੱਥੋਂ ਬਾਹਰਲੇ ਰਾਜਾਂ ਨੂੰ ਲਗਾਤਾਰ ਭੇਜੀ ਰਹੀ ਹੈ।