ਜੋਗਿੰਦਰ ਸਿੰਘ ਮਾਨ
ਮਾਨਸਾ, 25 ਮਈ
ਦਹਾਕਿਆਂ ਬਾਅਦ ਮਾਨਸਾ ਨੂੰ ਕੈਬਨਿਟ ਮੰਤਰੀ ਵਿਜੈ ਸਿੰਗਲਾ ਦੀ ਰੂਪ ’ਚ ਮਿਲੀ ਵਜ਼ੀਰੀ ਦੇ ਖੁੱਸਣ ਤੋਂ ਬਾਅਦ ਇਥੋਂ ਦੇ ਨਿਵਾਸੀ/ਵੋਟਰ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਆਮ ਆਦਮੀ ਪਾਰਟੀ ਲਈ ਲਗਾਤਾਰ ਦੋ ਵਿਧਾਇਕਾਂ ਨੂੰ ਸ਼ਾਨਦਾਰ ਜਿੱਤ ਦਿਵਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾਉਣ ਵਾਲੇ ਵੋਟਰ ਹੁਣ ਸੋਚਣ ਲੱਗੇ ਨੇ ਕਿ ਉਹ ਉਮੀਦਵਾਰਾਂ ਨੂੰ ਅਜਿਹੇ ਕਿਹੜੇ ‘ਯੰਤਰ’ ਨਾਲ ਪਰਖਣ ਕਿ ਉਹ ਇਮਾਨਦਾਰ ਹੋਵੇ।
ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਵੀ ਸੱਚ ਨਹੀਂ ਜਾਪ ਰਿਹਾ ਕਿ ਦਹਾਕਿਆਂ ਤੋਂ ਸਮਾਜ ਸੇਵੀ ਕਾਰਜਾਂ ’ਚ ਮੋਹਰੀ ਹੋ ਕੇ ਵਿਚਰਨ ਵਾਲਾ ਡਾ. ਵਿਜੈ ਸਿੰਗਲਾ ਆਪਣੇ ਵੋਟਰਾਂ ਨਾਲ ਧ੍ਰੋਹ ਕਮਾ ਸਕਦਾ ਹੈ। ਡਾ. ਵਿਜੈ ਸਿੰਗਲਾ ਕਈ ਦਹਾਕਿਆਂ ਤੋਂ ਅੰਤਰਰਾਸ਼ਟਰੀ ਪੱਧਰ ਦੀ ਸੰਸਥਾ ਰੋਟਰੀ ਕਲੱਬ, ਵਾਤਾਵਰਨ ਸੁਸਾਇਟੀ ਮਾਨਸਾ ਅਤੇ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਚੰਗੇ ਸਮਾਜ ਦੀ ਸਿਰਜਣਾ ਲਈ ਸਾਰਥਕ ਰੋਲ ਨਿਭਾ ਰਿਹਾ ਸੀ, ਜਿਸ ਕਰਕੇ ਹੀ ਮਾਨਸਾ ਹਲਕੇ ਦੇ ਲੋਕਾਂ ਨੇ ਪਾਰਟੀ ਹਿੱਤਾਂ ਤੋਂ ਉਪਰ ਉਠਦਿਆਂ ਉਸ ਨੂੰ ਰਿਕਾਰਡ ਵੋਟਾਂ ਨਾਲ ਜਿਤਾਉਣ ’ਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਸੀ।
ਉਨ੍ਹਾਂ ਦੇ ਕੈਬਨਿਟ ਵਜ਼ੀਰ ਬਣਨ ਤੋਂ ਬਾਅਦ ਇਲਾਕੇ ਦੇ ਲੋਕੀਂ ਮਾਨਸਾ ਜ਼ਿਲ੍ਹੇ ਲਈ ਚੰਗੇ ਦਿਨ ਪਰਤਣ ਦੀ ਆਸ ਲਗਾਈ ਬੈਠੇ ਸਨ, ਪਰ ਹੁਣ ਹਰ ਕੋਈ ਉਦਾਸ ਹੈ।
ਸੱਭਿਆਚਾਰ ਅਤੇ ਸਮਾਜ ਸੇਵਾ ਮੰਚ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਅਤੇ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਲੰਮੇ ਅਰਸੇ ਤੋਂ ਵੱਖ-ਵੱਖ ਸਮਾਜ ਸੇਵੀ ਤੇ ਸਮਾਜਿਕ ਕਾਰਜਾਂ ’ਚ ਕੰਮ ਕਰਦਿਆਂ ਕਦੇ ਭੋਰਾ ਭਰ ਵੀ ਮਹਿਸੂਸ ਨਹੀਂ ਹੋਇਆ ਸੀ ਕਿ ਡਾ. ਵਿਜੈ ਸਿੰਗਲਾ ਦੀ ਇਮਾਨਦਾਰੀ ਵਾਲੀ ਨੀਅਤ ’ਚ ਕੋਈ ਫ਼ਰਕ ਹੈ। ਸੋਸ਼ਲਿਸਟ ਪਾਰਟੀ ਆਫ ਇੰਡੀਆ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਮਾਨਸ਼ਾਹੀਆ ਦਾ ਕਹਿਣਾ ਸੀ ਕਿ ਅਸੀਂ ਤਾਂ ਬਦਲਾਅ ਲਈ ਪਾਰਟੀ ਹਿੱਤਾਂ ਤੋਂ ਵੀ ਉਪਰ ਉਠ ਕੇ ਵੋਟ ਨਾਲ ਪੂਰਾ ਸਮਰਥਨ ਵੀ ਦਿੱਤਾ ਸੀ, ਪਰ ਭਾਣਜਿਆਂ ਨੇ ਨਾਨਕਿਆਂ ਦੀ ਮਿੱਟੀ ਪਲੀਤ ਕਰਵਾ ਦਿੱਤੀ, ਮਾਮਾ ਐਨਾ ਮਾੜਾ ਨਹੀਂ ਹੋ ਸਕਦਾ।