ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 7 ਜੂਨ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ 1.86 ਕਰੋੜ ਰੁਪਏ ਨਾਲ ਬਣੀ ਵਾਟਰ ਵਰਕਸ ਦੀ ਨਵੀਂ ਟੈਂਕੀ ਅਤੇ ਪੰਪਿੰਗ ਸਟੇਸ਼ਨ ਨੂੰ ਅੱਜ ਲੋਕ-ਅਰਪਣ ਕੀਤਾ। ਦਾਅਵਾ ਕੀਤਾ ਗਿਆ ਕਿ ਇਸ ਨਾਲ ਬਾਕੀ ਸ਼ਹਿਰ ਨਾਲੋਂ 20-25 ਫੁੱਟ ਉੱਚੇ ਕਿਲ੍ਹਾ ਮੁਬਾਰਕ ਦੇ ਆਸ-ਪਾਸ ਦੇ ਰਿਹਾਇਸ਼ੀ ਖੇਤਰਾਂ ਵਿਚ ਦਹਾਕਿਆਂ ਬਾਅਦ ਪੀਣ ਵਾਲਾ ਪਾਣੀ ਮਿਲਣ ਲੱਗੇਗਾ। ਸ੍ਰੀ ਬਾਦਲ ਨੇ ਦੱਸਿਆ ਕਿ ਇੱਥੇ ਪਾਣੀ ਦੀ ਟੈਂਕੀ ਬਣਾਉਣ ਲਈ ਜੰਗਲਾਤ ਵਿਭਾਗ ਤੋਂ ਜ਼ਮੀਨ ਲੈ ਕੇ ਇੱਥੇ ਬਣੇ ਇਕ ਸਬ ਵਾਟਰ ਵਰਕਸ ਵਿੱਚ ਇਕ ਲੱਖ ਗੈਲਨ ਦੀ ਸਮਰੱਥਾ ਦੀ ਟੈਂਕੀ, ਇਕ ਲੱਖ ਗੈਲਨ ਦੀ ਸਮੱਰਥਾ ਦਾ ਜ਼ਮੀਨਦੋਜ਼ ਜਲ ਭੰਡਾਰ ਟੈਂਕ, 10 ਇੰਚੀ ਸਾਈਜ਼ ਦੀ ਰਾਈਜ਼ਿੰਗ ਮੇਨ ਅਤੇ ਮੇਨ ਡਿਸਟ੍ਰੀਬਿਊਸ਼ਨ ਲਾਈਨਾਂ ਦਾ ਕੰਮ ਕੀਤਾ ਗਿਆ ਹੈ। ਇਸ ਵਿੱਚ 30 ਹਾਰਸ ਪਾਵਰ ਦੀਆਂ ਦੋ ਮੋਟਰਾਂ ਲਗਾਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਵਾਟਰ ਵਰਕਸ ਸ਼ੁਰੂ ਹੋਣ ਦਾ ਫਾਇਦਾ ਸ਼ਹਿਰ ਦੇ ਪੂਜਾ ਵਾਲਾ ਮੁਹੱਲਾ, ਸਿੜੀਆਂ ਵਾਲਾ ਮੁਹੱਲਾ, ਭਲੇਰੀਆ ਵਾਲਾ ਮੁਹੱਲਾ, ਮਿੰਨੀ ਸਕੱਤਰੇਤ ਰੋਡ, ਰਣਜੀਤ ਪ੍ਰੈੱਸ ਵਾਲੀ ਗਲੀ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਸਮੇਤ ਕੁੱਲ 11 ਹਜ਼ਾਰ ਘਰਾਂ ਨੂੰ ਹੋਇਆ ਹੈ। ਵਰ੍ਹਿਆਂ ਤੋਂ ਪੀਣ ਵਾਲੇ ਪਾਣੀ ਦੀ ਤੰਗੀ ਝੱਲ ਰਹੇ ਲੋਕਾਂ ਨੇ ਜਦੋਂ ਇਹ ਮੁਸ਼ਕਿਲ ਸ੍ਰੀ ਬਾਦਲ ਦੇ ਧਿਆਨ ਵਿਚ ਲਿਆਂਦੀ ਤਾਂ ਉਨ੍ਹਾਂ ਫੰਡ ਜਾਰੀ ਕਰ ਕੇ ਇਹ ਕੰਮ ਸ਼ੁਰੂ ਕਰਵਾਇਆ।
ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਵਿੱਤ ਮੰਤਰੀ ਨੇ ਖੁਦ ਲੋਕਾਂ ਦੇ ਘਰਾਂ ਵਿੱਚ ਪੁੱਜ ਕੇ ਪਾਣੀ ਦੀ ਸਪਲਾਈ ਦਾ ਪ੍ਰੈਸ਼ਰ ਚੈੱਕ ਕੀਤਾ। ਇਸ ਮੌਕੇ ਲੋਕਾਂ ਨੇ ਸ੍ਰੀ ਬਾਦਲ ਦਾ ਧੰਨਵਾਦ ਕੀਤਾ। ਵਿੱਤ ਮੰਤਰੀ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਘਰਾਂ ਤੱਕ ਪੀਣ ਵਾਲਾ ਪਾਣੀ ਉਪਲਬਧ ਕਰਵਾਉਣ ਲਈ ਉਨ੍ਹਾਂ ਦੀ ਸਰਕਾਰ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਦੀ ਇਕ ਹੋਰ ਟੈਂਕੀ ਦਾਣਾ ਮੰਡੀ ਨੇੜੇ ਬਣ ਰਹੀ ਹੈ, ਜੋ ਜਲਦ ਮੁਕੰਮਲ ਹੋਣ ਵਾਲੀ ਹੈ ਜਦੋਂਕਿ ਮਾਡਲ ਟਾਊਨ ਵਿੱਚ ਵੀ ਨਵੀਂ ਟੈਂਕੀ ਬਣ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਹੱਲਿਆਂ ਅਤੇ ਗਲੀਆਂ ਵਿੱਚ ਇੰਟਰਲਾਕਿੰਗ ਦਾ ਕੰਮ ਵੀ ਜਲਦੀ ਸ਼ੁਰੂ ਹੋਵੇਗਾ ਅਤੇ ਇਸ ਸਬੰਧੀ ਟੈਂਡਰ ਪ੍ਰਕਿਰਿਆ ਚੱਲ ਰਹੀ ਹੈ।