ਸੰਜੀਵ ਹਾਂਡਾ
ਫ਼ਿਰੋਜ਼ਪੁਰ, 24 ਫ਼ਰਵਰੀ
ਇਥੇ ਮਗਨਰੇਗਾ (ਮਹਾਤਮਾ ਗਾਂਧੀ ਨੈਸ਼ਨਲ ਪੇਂਡੂ ਰੋਜ਼ਗਾਰ ਗਰੰਟੀ ਐਕਟ) ਸਕੀਮ ਅਧੀਨ ਗੈਰ ਕਾਨੂੰਨੀ ਢੰਗ ਨਾਲ ਕੁਝ ਮੁਲਾਜ਼ਮਾਂ ਨੂੰ ਭਰਤੀ ਕਰਨ ਦੇ ਮਾਮਲੇ ਵਿਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਜੁਆਇੰਟ ਡਾਇਰੈਕਟਰ ਨੇ ਸਥਾਨਕ ਐਸਐਸਪੀ ਨੂੰ ਪੱਤਰ ਲਿਖ ਕੇ ਪੰਜ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਮੁਲਜ਼ਮਾਂ ਵਿਚ ਤਤਕਾਲੀ ਏਡੀਸੀ (ਵਿਕਾਸ) ਰਵਿੰਦਰ ਪਾਲ ਸਿੰਘ ਸੰਧੂ, ਜ਼ਿਲ੍ਹਾ ਵੈਲਫ਼ੇਅਰ ਅਫ਼ਸਰ ਹਰਪਾਲ ਸਿੰਘ, ਜ਼ਿਲ੍ਹਾ ਪ੍ਰੀਸ਼ਦ ਸਕੱਤਰ ਗੁਰਮੀਤ ਸਿੰਘ ਢਿੱਲੋਂ, ਜ਼ਿਲ੍ਹਾ ਸੂਚਨਾ ਅਫ਼ਸਰ ਅਨਿਲ ਪਲਟਾ ਅਤੇ ਐਕਸੀਅਨ ਪੰਚਾਇਤੀ ਰਾਜ ਰਾਜੇਸ਼ ਕਾਂਸਲ ਸ਼ਾਮਲ ਹਨ। ਇਸ ਤੋਂ ਇਲਾਵਾ ਵਿਭਾਗ ਦੇ ਸਕੱਤਰ ਰਾਹੁਲ ਭੰਡਾਰੀ ਨੇ ਮਗਨਰੇਗਾ ਦੇ ਤਿੰਨ ਮੁਲਾਜ਼ਮਾਂ ਦੀਆਂ ਸੇਵਾਵਾਂ ਸਮਾਪਤ ਕਰਦੇ ਹੋਏ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਨੂੰ ਡਿਊਟੀ ਤੋਂ ਫ਼ਾਰਗ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਮੁਲਾਜ਼ਮਾਂ ਵਿਚ ਸਹਾਇਕ ਬਲਾਕ ਕੋਆਰਡੀਨੇਟਰ ਸਮੀਰ ਸ਼ਰਮਾ ਅਤੇ ਗ੍ਰਾਮ ਰੁਜ਼ਗਾਰ ਸਹਾਇਕ ਬਲਾਕ ਘੱਲਖੁਰਦ ਦੇ ਜਸਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਸ਼ਾਮਲ ਹਨ।
ਵੇਰਵਿਆਂ ਮੁਤਾਬਿਕ ਸਾਲ 2018-19 ਅਤੇ 2019-20 ਵਿਚ ਮਗਨਰੇਗਾ ਸਕੀਮ ਅਧੀਨ ਕੁਝ ਮੁਲਾਜ਼ਮਾਂ ਦੀ ਭਰਤੀ ਕੀਤੀ ਗਈ ਸੀ। ਭਰਤੀ ਵਿਚ ਗੜਬੜੀ ਦੀ ਸ਼ਿਕਾਇਤ ਮਿਲਣ ਮਗਰੋਂ ਕੀਤਾ ਪੜਤਾਲ ਵਿੱਚ ਪਤਾ ਲੱਗਾ ਕਿ ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਸਮੀਰ ਸ਼ਰਮਾ ਨੂੰ ਫ਼ਰਜ਼ੀ ਰੋਲ ਨੰਬਰ ਜਾਰੀ ਕੀਤੇ ਗਏ ਸਨ, ਜਦਕਿ ਹਾਜ਼ਰੀ ਸ਼ੀਟ ਵਿਚ ਇਹਨਾਂ ਤਿੰਨਾਂ ਨੂੰ ਗੈਰ ਹਾਜ਼ਰ ਦਿਖਾਇਆ ਗਿਆ ਸੀ। ਬਾਵਜੂਦ ਇਸਦੇ ਤਿੰਨਾਂ ਮੁਲਾਜ਼ਮਾਂ ਨੂੰ ਬਾਅਦ ਵਿਚ ਡਿਊਟੀ ’ਤੇ ਜੁਆਇਨ ਕਰਵਾ ਲਿਆ ਗਿਆ।