ਗੁਰਪ੍ਰੀਤ ਦੌਧਰ
ਅਜੀਤਵਾਲ, 14 ਮਾਰਚ
ਗੁਰੂ ਹਰਿਗੋਬਿੰਦ ਹਾਈ ਸਕੂਲ ਮੱਦੋਕੇ ਤੋਂ ਹਟਾਏ ਅਧਿਆਪਕਾਂ ਵੱਲੋਂ ਸਕੂਲ ਪ੍ਰਬੰਧਕਾਂ ਖ਼ਿਲਾਫ਼ ਪਿਛਲੇ ਛੇ ਮਹੀਨਿਆਂ ਤੋਂ ਸਕੂਲ ਦੇ ਬਾਹਰ ਲਗਾਤਾਰ ਧਰਨਾ ਲਾਇਆ ਹੋਇਆ ਸੀ ਤੇ ਜਨਵਰੀ ਮਹੀਨੇ ਧਰਨਾਕਾਰੀ ਅਧਿਆਪਕ ਸਕੂਲ ਅੰਦਰ ਧਰਨਾ ਲਗਾਉਣ ਵਿੱਚ ਕਾਮਯਾਬ ਹੋ ਗਏ ਸਨ। ਅੱਜ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਪਿੰਡ ਇਕਾਈ ਦੇ ਪ੍ਰਧਾਨ ਜਗਤਾਰ ਸਿੰਘ ਦੀ ਪ੍ਰੇਰਣਾ ਸਦਕਾ ਅਧਿਆਪਕਾਂ ਨੇ ਆਪਣਾ ਧਰਨਾ ਸਕੂਲ ਤੋਂ ਬਾਹਰ ਲਗਾਉਣ ਦਾ ਐਲਾਨ ਕੀਤਾ ਹੈ।
ਧਰਨਾਕਾਰੀ ਅਧਿਆਪਕਾ ਬਲਜੀਤ ਕੌਰ ਅਤੇ ਮਨਜੀਤ ਕੌਰ ਨੇ ਕਿਹਾ ਕਿ ਇਹ ਧਰਨਾ ਬੱਚਿਆਂ ਦੇ ਪੇਪਰਾਂ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਤੋਂ ਬਾਹਰ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸ਼ਾਂਤਮਈ ਸੰਘਰਸ਼ ਪਹਿਲਾਂ ਵਾਂਗ ਜਾਰੀ ਰਹੇਗਾ ਅਤੇ ਬੱਚਿਆਂ ਦੇ ਪੇਪਰ ਸਮਾਪਤ ਹੁੰਦਿਆਂ ਹੀ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਅੱਜ ਸਕੂਲ ਵਿੱਚ ਨਿਰਭੈ ਸਿੰਘ ਢੁੱਡੀਕੇ, ਜਗਤਾਰ ਸਿੰਘ ਅਤੇ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਨਿਹਾਲ ਸਿੰਘ ਵਾਲਾ ਭੁਪਿੰਦਰ ਸਿੰਘ, ਨਾਇਬ ਤਹਿਸੀਲਦਾਰ ਅਜੀਤਵਾਲ ਮਨਵੀਰ ਕੌਰ, ਡੀਐੱਸਪੀ ਪਰਸਨ ਸਿੰਘ, ਡੀਐੱਸਪੀ ਸੁਖਵਿੰਦਰ ਸਿੰਘ, ਐੱਚਐੱਚਓ ਅਜੀਤਵਾਲ ਸੁਖਜਿੰਦਰ ਸਿੰਘ ਨੇ ਮਾਮਲੇ ਦੇ ਹੱਲ ਲਈ ਧਰਨਾਕਾਰੀ ਅਧਿਆਪਕਾਂ ਨਾਲ ਗੱਲਬਾਤ ਕੀਤੀ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪਿੰਡ ਇਕਾਈ ਪ੍ਰਧਾਨ ਜਗਤਾਰ ਸਿੰਘ ਮੱਦੋਕੇ ਨੇ ਕਿਹਾ ਕਿ ਅਧਿਆਪਕਾਂ ਦੇ ਧਰਨੇ ਵਿੱਚ ਯੂਨੀਅਨ ਦੇ ਦਸ ਮੈਂਬਰ ਹਰ ਰੋਜ਼ ਸ਼ਾਮਲ ਹੋਣਗੇ।