ਜੋਗਿੰਦਰ ਸਿੰਘ ਮਾਨ
ਮਾਨਸਾ, 14 ਸਤੰਬਰ
ਲੰਪੀ ਸਕਿਨ ਬਿਮਾਰੀ ਕਾਰਨ ਪੰਜਾਬ ਵਿੱਚ ਪਸ਼ੂ ਮੰਡੀਆਂ ’ਤੇ ਲਾਈ ਗਈ ਪਾਬੰਦੀ ਨੂੰ ਹਟਾਉਣ ਲਈ ਕਿਸਾਨਾਂ, ਵਪਾਰੀਆਂ, ਗੱਡੀਆਂ ਅਤੇ ਦਲਾਲਾਂ ਵੱਲੋਂ ਰਾਜ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਬਿਮਾਰੀ ਦੀ ਮਾਰ ਘੱਟਣ ਕਾਰਨ ਹੁਣ ਪਸ਼ੂ ਮੇਲਿਆਂ ਨੂੰ ਖੁੱਲ੍ਹ ਦੇਣੀ ਚਾਹੀਦੀ ਹੈ। ਮਾਲਵਾ ਖੇਤਰ ਦੇ ਹਰ ਜ਼ਿਲ੍ਹੇ ਵਿੱਚ ਅਜਿਹੇ ਪਸ਼ੂ ਮੇਲੇ ਕਈ ਥਾਵਾਂ ’ਤੇ ਲੱਗਦੇ ਹਨ। ਇਸ ਸਬੰਧੀ ਇੱਕ ਮੰਗ ਪੱਤਰ ਮਾਨਸਾ ਦੇ ਵਧੀਕ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਕਿਸਾਨ ਯੂਨੀਅਨ, ਵਪਾਰੀ ਯੂਨੀਅਨ, ਕੈਂਟਰ ਯੂਨੀਅਨ, ਪਿਕਅੱਪ ਅਤੇ ਮਾਨਸਾ ਦੇ ਛੋਟੇ ਟਰਾਂਸਪੋਰਟਰਾਂ ਵੱਲੋਂ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਅਤੇ ਅਮਰੀਕ ਸਿੰਘ ਨੇ ਦੱਸਿਆ ਕਿ ਮਾਲਵਾ ਖੇਤਰ ਵਿੱਚ ਪਿਛਲੇ ਸਮੇਂ ਤੋਂ ਬੰਦ ਪਈਆਂ ਪਸ਼ੂ ਮੰਡੀਆਂ ਨੂੰ ਚਾਲੂ ਕੀਤਾ ਜਾਵੇ ਕਿਉਂਕਿ ਪਸ਼ੂ ਪਾਲਕ ਲੋਕ ਅਤੇ ਵਪਾਰੀ, ਦਲਾਲ, ਛੋਟੇ ਸਾਧਨਾਂ ਵਾਲਿਆਂ ਦਾ ਧੰਦਾ ਜ਼ਿਆਦਾਤਰ ਇਨ੍ਹਾਂ ਪਸ਼ੂ ਮੰਡੀਆਂ ’ਤੇ ਨਿਰਭਰ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਵਿੱਚ ਇਹ ਮੰਡੀਆਂ ਚੱਲ ਰਹੀਆਂ ਹਨ ਅਤੇ ਪਸ਼ੂਆਂ ਵਿੱਚ ਫੈਲੀ ਬਿਮਾਰੀ (ਲੰਮੀ ਸਕਿਨ) ਹੁਣ ਆਪਣਾ ਅਸਰ ਘਟਾ ਚੁੱਕੀ ਹੈ। ਇਸ ਮੌਕੇ ਏ.ਡੀ.ਸੀ. ਮਾਨਸਾ ਉਪਕਾਰ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਜਲਦੀ ਹੀ ਇਹ ਮਾਮਲਾ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਇਸ ਮੌਕੇ ਗੋਰਾ ਸਿੰਘ ਜਵਾਹਰਕੇ, ਇੰਦਰਜੀਤ ਮਾਖਾ, ਮੇਘ ਰਾਜ ਮਾਨਸਾ, ਅਮਰੀਕ ਸਿੰਘ, ਸਿਕੰਦਰ ਸਿੰਘ, ਗੁਲਾਬ ਸਿੰਘ, ਮੇਲਾ ਸਿੰਘ, ਜਸਪਾਲ ਉੱਭਾ ਤੇ ਜਗਤਾਰ ਸਿੰਘ ਸਹਾਰਨਾ ਨੇ ਵੀ ਹਾਜ਼ਰ ਸਨ।