ਲਖਵੀਰ ਸਿੰਘ ਚੀਮਾ
ਟੱਲੇਵਾਲ, 31 ਮਈ
ਲੌਕਡਾਊਨ ਦੌਰਾਨ ਮਜ਼ਦੂਰ ਜਮਾਤ ਨੂੰ ਕੋਈ ਆਰਥਿਕ ਮਦਦ ਅਤੇ ਰਾਸ਼ਨ ਵਗੈਰਾ ਨਾ ਦਿੱਤੇ ਜਾਣ ਦੇ ਰੋਸ ਵਜੋਂ ਦਿਹਾਤੀ ਮਜ਼ਦੂਰ ਸਭਾ ਵੱਲੋਂ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਸੱਦੋਵਾਲ ਦੀ ਅਗਵਾਈ ਵਿੱਚ ਪਿੰਡ ਸੱਦੋਵਾਲ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਸੱਦੋਵਾਲ ਅਤੇ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਸਹਾਇਤਾ ਅਤੇ ਰਾਸ਼ਨ ਦੇਣ ਦੀ ਬਜਾਏ ਜ਼ਰੂਰੀ ਘਰੇਲੂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਸਿੱਧੇ ਤੌਰ ‘ਤੇ ਲੋਕਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਕੇ ਭੁੱਖ ਮਰੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਮੋਦੀ ਸਰਕਾਰ ਵੱਲੋਂ ਚੋਣਾਂ ਦੌਰਾਨ ਲੋਕਾਂ ਨੂੰ ਚੰਗੇ ਦਿਨ ਲਿਆਉਣ ਦੇ ਸਬਜ਼ਬਾਗ ਦਿਖਾ ਕੇ ਕੇਂਦਰੀ ਸੱਤਾ ‘ਚ ਆਏ 7 ਸਾਲ ਦੇ ਕਾਰਜਕਾਲ ‘ਚ ਚੋਣ ਵਾਅਦੇ ਪੂਰੇ ਕਰਨ ਦੀ ਬਜਾਏ ਸਗੋਂ ਉਲਟਾ ਲੋਕ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਅਤੇ ਕੇਂਦਰ ਸਰਕਾਰ ਕੋਰੋਨਾ ਕਾਲ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿੱਚ ਵੀ ਨਾਕਾਮ ਸਾਬਤ ਹੋਈ ਹੈ। ਇਸ ਮੌਕੇ ਮਜ਼ਦੂਰ ਆਗੂ ਨਿਰਮਲ ਸਿੰਘ, ਮੇਜਰ ਸਿੰਘ, ਬਲਦੇਵ ਸਿੰਘ, ਰਾਜ ਸਿੰਘ, ਕਰਮਜੀਤ ਸਿੰਘ, ਜਗਸੀਰ ਸਿੰਘ, ਸੁਰਿੰਦਰ ਸਿੰਘ, ਬਲਜੀਤ ਕੌਰ, ਪਰਮਜੀਤ ਕੌਰ, ਸੁਰਿੰਦਰ ਕੌਰ, ਮਨਜੀਤ ਕੌਰ, ਹਰਬੰਸ ਕੌਰ ਹਾਜ਼ਰ ਸਨ।