ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 7 ਜੁਲਾਈ
ਸੁਤੰਤਰਤਾ ਸੈਨਾਨੀਆਂ ਦੇ ਵਾਰਸਾਂ ਨੇ ਆਪਣੀਆਂ ਮੰਗਾਂ ਡਿਪਟੀ ਕਮਿਸ਼ਨਰ ਦੇ ਰਾਹੀਂ ਮੁੱਖ ਮੰਤਰੀ ਤੱਕ ਭੇਜਦਿਆਂ ਗੁਹਾਰ ਲਾਈ ਹੈ ਕਿ ਸੁਤੰਤਰਤਾ ਸੈਨਾਨੀਆਂ ਦੀਆਂ ਯਾਦਗਾਰਾਂ ਪਿੰਡਾਂ ‘ਚ ਸਥਾਪਤ ਕੀਤੀਆਂ ਜਾਣ ਅਤੇ ਨਿਗੂਣੀਆਂ ਸਹੂਲਤਾਂ ਦੀ ਥਾਂ ‘ਤੇ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਦੀ ਭਲਾਈ ਲਈ ਪੁਖਤਾ ਸਕੀਮਾਂ ਲਿਆਈਆਂ ਜਾਣ|
ਅਖਿਲ ਭਾਰਤੀ ਸੁਤੰਤਰਤਾ ਸੈਨਾਨੀ ਤੇ ਉੱਤਰਾਧਿਕਾਰੀ ਸੰਯੁਕਤ ਸੰਗਠਨ ਜ਼ਿਲ੍ਹਾ ਮੁਕਤਸਰ ਦੇ ਪ੍ਰਧਾਨ ਕੁਲਦੀਪ ਸਿੰਘ ਬਰਾੜ ਤੇ ਸਕੱਤਰ ਰਾਮ ਸਵਰਨ ਲੱਖੇਵਾਲੀ ਨੇ ਦੱਸਿਆ ਕਿ ਬਾਬਾ ਗੁਰਦਿੱਤ ਸਿੰਘ ਕਾਮਾ ਗਾਟਾਮਾਰੂ ਦੇ ਨੇੜਲੇ ਸਾਥੀ ਦੇਸ਼ ਭਗਤ ਦਲਜੀਤ ਸਿੰਘ ਉਰਫ਼ ਰਾਏ ਸਿੰਘ ਦੀ ਸਰਕਾਰਾਂ ਨੇ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਉਨ੍ਹਾਂ ਦੇ ਜੱਦੀ ਪਿੰਡ ਕਾਉਣੀ ਵਿਖੇ ਕੋਈ ਯਾਦਗਾਰ ਸਥਾਪਤ ਨਹੀਂ ਕੀਤੀ| ਸੁੰਤਤਰਤਾ ਸੈਨਾਨੀਆਂ ਦੇ ਵਾਰਸਾਂ ਨੇ ਮੁੱਖ ਮੰਤਰੀ ਨੂੰ ਭੇਜੇ ਪੱਤਰ ਵਿੱਚ ਸੁਤੰਤਰਤਾ ਸੈਨਾਨੀਆਂ ਦੇ ਪਿੰਡਾਂ ਵਿੱਚ ਯਾਦਗਾਰਾਂ ਸਥਾਪਤ ਕਰਨ, ਨੌਕਰੀਆਂ ਵਿੱਚ ਪਰਿਵਾਰਾਂ ਦਾ ਰਾਖਵਾਂਕਰਨ ਵਧਾਉਣ, 300 ਯੂਨਿਟ ਮੁਫ਼ਤ ਬਿਜਲੀ ਵਿੱਚੋਂ ਕਿਲੋਵਾਟ ਦੀ ਸ਼ਰਤ ਹਟਾਉਣ ਤੇ ਪਰਿਵਾਰਾਂ ਦੀ ਭਲਾਈ ਤੇ ਰੁਜ਼ਗਾਰ ਲਈ ਸੁਹਿਰਦ ਯਤਨ ਜੁਟਾਉਣ ਆਦਿ ਮੰਗਾਂ ਉਭਾਰੀਆਂ ਹਨ| ਆਗੂਆਂ ਨੇ ਆਖਿਆ ਕਿ ਪੰਜਾਬ ਸਰਕਾਰ ਨੂੰ ਆਜ਼ਾਦੀ ਘੁਲਾਟੀਆਂ ਦੀ ਤੀਜੀ ਪੀੜ੍ਹੀ ਦੇ ਵਾਰਸਾਂ ਨੂੰ ਪੈਨਸ਼ਨ ਦਾ ਲਾਭ ਦੇਣਾ ਚਾਹੀਦਾ ਹੈ।