ਖੇਤਰੀ ਪ੍ਰਤੀਨਿਧ
ਬਰਨਾਲਾ, 22 ਅਗਸਤ
ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਜ਼ਿਲ੍ਹਾ ਬਰਨਾਲਾ ਵੱਲੋਂ ਕਨਵੀਨਰ ਗੁਰਦੀਪ ਚੀਮਾ ਦੀ ਅਗਵਾਈ ਹੇਠ ਆਪਣੀਆਂ ਜਾਇਜ਼ ਮੰਗਾਂ ਸਬੰਧੀ ਸਿਵਲ ਸਰਜਨ ਡਾਕਟਰ ਜਸਵੀਰ ਸਿੰਘ ਔਲਖ ਨੂੰ ਮੰਗ ਪੱਤਰ ਦਿੱਤਾ ਗਿਆ। ਗੁਰਦੀਪ ਚੀਮਾ ਨੇ ਦੱਸਿਆ ਕਿ ਸਿਵਲ ਸਰਜਨ ਬਰਨਾਲਾ ਤੇ ਐੱਸਐੱਮਓ ਤਪਾ ਵੱਲੋਂ ਪੈਰਾਮੈਡੀਕਲ ਸਟਾਫ ਦੀਆਂ ਡਿਊਟੀਆਂ ਆਮ ਆਦਮੀ ਮੁਹੱਲਾ ਕਲੀਨਿਕ ਵਿਚ ਲਗਾਈਆਂ ਜਾ ਰਹੀਆਂ ਹਨ, ਜੋ ਕਿ ਮੁਲਾਜ਼ਮਾਂ ਨਾਲ ਧੱਕਾ ਹੈ ਕਿਉਂਕਿ ਮੁਹੱਲਾ ਕਲੀਨਿਕ ਵਿਚ ਸਰਕਾਰ ਨੇ ਸਟਾਫ ਦੀ ਪੂਰੀ ਭਰਤੀ ਨਹੀਂ ਕੀਤੀ, ਸਿਰਫ ਇਧਰ-ਉਧਰ ਤੋਂ ਡਿਊਟੀਆਂ ਲਗਾ ਕੇ ਕੰਮ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉੱਗੋਕੇ ਪਿੰਡ ਦੇ ਮੁਹੱਲਾ ਕਲੀਨਿਕ ਵਿੱਚ ਵਰਕਰ ਮੇਲ/ਫੀਮੇਲ ਦੀ ਡਿਊਟੀ ਲੈਬ ਦੇ ਸੈਂਪਲ ਲੈਣ ਤੇ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਕਰਨ ਲਈ ਲਗਾਈ ਹੈ, ਜਿਸ ਕਰਕੇ ਉਨ੍ਹਾਂ ਦਾ ਕੰਮ ਵੀ ਪ੍ਰਭਾਵਿਤ ਹੁੰਦਾ ਹੈ ਉਥੇ ਮਰੀਜ਼ਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਹੋਵੇਗੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੇ ਮੁਹੱਲਾ ਕਲੀਨਿਕਾਂ ਵਿੱਚ ਪੂਰੇ ਸਟਾਫ ਦੀ ਭਰਤੀ ਕੀਤੀ ਜਾਵੇ ਤਾਂ ਕਿ ਸਿਹਤ ਵਿਭਾਗ ਦੇ ਬਾਕੀ ਕੰਮ ਪ੍ਰਭਾਵਿਤ ਨਾ ਹੋਣ। ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ ਨੇ ਆਗੂਆਂ ਨੂੰ ਮੰਗ ਪੱਤਰ ਪੰਜਾਬ ਸਰਕਾਰ ਤੱਕ ਭੇਜਣ ਦਾ ਭਰੋਸਾ ਦਿੱਤਾ।