ਨਵਕਿਰਨ ਸਿੰਘ
ਮਹਿਲ ਕਲਾਂ, 10 ਅਗਸਤ
ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲ ਕਲਾਂ ਦੀ ਅਗਵਾਈ ਹੇਠ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ 12 ਅਗਸਤ ਨੂੰ ਹੋਣ ਵਾਲੇ ਬਰਸੀ ਸਮਾਗਮ ਦੀਆਂ ਤਿਆਰੀਆਂ ਜਾਰੀ ਹਨ।ਇਸ ਵਾਰ ਦਾ ਬਰਸੀ ਸਮਾਗਮ ‘ਕਿਸਾਨ ਅੰਦੋਲਨ’ ਨੂੰ ਸਮਰਪਿਤ ਹੋਣ ਕਾਰਨ ਸੰਯੁਕਤ ਕਿਸਾਨ ਮੋਰਚਾ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਸਮਾਗਮ ‘ਚ ਸ਼ਮੂਲੀਅਤ ਕਰਨ ਕਰਕੇ ਲੋਕਾਂ ਚਵਿੱ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਬੰਧੀ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ, ਮਨਜੀਤ ਸਿੰਘ ਧਨੇਰ, ਜਰਨੈਲ ਸਿੰਘ ਚੰਨਣਵਾਲ, ਗੁਰਮੀਤ ਸੁੱਖਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਪ੍ਰੀਤਮ ਸਿੰਘ ਦਰਦੀ, ਹਰਚਰਨ ਚੰਨਾ, ਗੁਰਮੇਲ ਠੁੱਲੀਵਾਲ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ 100 ਪਿੰਡਾਂ ਵਿੱਚ ਰੈਲੀਆਂ/ਨੁੱਕੜ ਨਾਟਕਾਂ ਦੀ ਮੁਹਿੰਮ ਪੂਰੀ ਹੋ ਚੁੱਕੀ ਹੈ। ਕੱਲ੍ਹ ਨੂੰ ਪੂਰਾ ਦਿਨ ਪਿੰਡਾਂ ਵਿੱਚ ਘਰ ਘਰ ਜਾ ਕੇ 12 ਅਗਸਤ ਦਾਣਾ ਮੰਡੀ ਮਹਿਲ ਕਲਾਂ ਕਾਫਲੇ ਬੰਨ੍ਹ ਕੇ ਪੁੱਜਣ ਦਾ ਸੁਨੇਹਾ ਦਿੱਤਾ ਜਾਵੇਗਾ।
ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੇ ਬਰਸੀ ਸਮਾਗਮ ਮੌਕੇ ਹਰ ਵਰ੍ਹੇ ਇੱਕ ਸਮਾਜਿਕ ਸ਼ਖਸੀਅਤ ਦਾ ਸਨਮਾਨ ਕੀਤਾ ਜਾਂਦਾ ਹੈ ਤੇ ਇਸ ਵਾਰ ਕਮੇਟੀ ਵੱਲੋਂ ਸਨਮਾਨਿਤ ਕੀਤੀ ਜਾਣ ਵਾਲੀ ਸਖਸ਼ੀਅਤ ਵਜੋਂ ਡਾ ਸਵੈਮਾਨ ਸਿੰਘ ਦੀ ਚੋਣ ਕੀਤੀ ਗਈ ਹੈ। ਕਮੇਟੀ ਨੇ ਕਿਹਾ ਕਿ ਡਾ. ਸਵੈਮਾਨ ਸਿੰਘ ਵਿਦੇਸ਼ ਵਿੱਚਲੀ ਆਪਣੀ ਚੰਗੀ ਨੌਕਰੀ ਨੂੰ ਠੋਕਰ ਮਾਰ ਕੇ ਪਿਛਲੇ ਅੱਠ ਮਹੀਨਿਆਂ ਤੋਂ ਸਿੰਘੂ/ਟਿੱਕਰੀ ਬਾਰਡਰ ਤੇ ਕਿਸਾਨ ਕਾਫਲਿਆਂ ਸੰਗ ਡਟਿਆ ਹੋਇਆ ਹੈ।