ਜਸਵੰਤ ਜੱਸ
ਫ਼ਰੀਦਕੋਟ, 23 ਸਤੰਬਰ
ਬਾਬਾ ਫ਼ਰੀਦ ਆਗਮਨ ਪੁਰਬ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੀਤੀ ਰਾਤ ਬੁਲਾਏ ਗਏ ਗਾਇਕ ਸਤਿੰਦਰ ਸਰਤਾਜ ਨੂੰ ਸੁਣਨ ਆਏ ਲੋਕਾਂ ’ਤੇ ਪੁਲੀਸ ਨੇ ਡਾਂਗਾਂ ਵਰ੍ਹਾ ਦਿੱਤੀਆਂ। ਇਹ ਲੋਕ ਪੰਡਾਲ ਵਿੱਚ ਸਤਿੰਦਰ ਸਰਤਾਜ ਨੂੰ ਸੁਣਨ ਲਈ ਦਾਖ਼ਲ ਹੋਣਾ ਚਾਹੁੰਦੇ ਸਨ ਪਰ ਉਨ੍ਹਾਂ ਕੋਲ ਟਿਕਟਾਂ ਖਰੀਦਣ ਲਈ ਪੈਸੇ ਨਹੀਂ ਸਨ। ਸਤਿੰਦਰ ਸਰਤਾਜ ਨੂੰ ਸੁਣਨ ਲਈ ਟਿਕਟਾਂ ਅਤੇ ਪਾਸਾਂ ਦੀ ਵੰਡ ਦਾ ਮੁੱਦਾ ਸਾਰਾ ਦਿਨ ਚੱਲਦਾ ਰਿਹਾ।
ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਪਤਨੀ ਨੂੰ ਵੀ ਸਤਿੰਦਰ ਸਰਤਾਜ ਨੂੰ ਸੁਣਨ ਲਈ ਸੀਟ ਨਸੀਬ ਨਹੀਂ ਹੋਈ। ਲੋਕਾਂ ਨੇ ਜ਼ਬਰਦਸਤੀ ਪੰਡਾਲ ਅੰਦਰ ਵੜ ਕੇ ਸਤਿੰਦਰ ਸਰਤਾਜ ਨੂੰ ਸੁਣਨ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਉਨ੍ਹਾਂ ਉੱਪਰ ਡਾਂਗਾਂ ਵਰ੍ਹਾ ਦਿੱਤੀਆਂ। ਸਤਿੰਦਰ ਸਰਤਾਜ ਵਾਲੀ ਥਾਂ ਦੇ ਆਸ-ਪਾਸ ਪੁਲੀਸ ਅਤੇ ਪ੍ਰਸ਼ਾਸਨ ਨੇ ਵੱਡੇ ਪੱਧਰ ’ਤੇ ਬੈਰੀਕੇਡਿੰਗ ਕੀਤੀ ਹੋਈ ਸੀ ਜਿਸ ਕਰਕੇ ਆਮ ਲੋਕ ਝੂਲਿਆਂ, ਤਰਕਸ਼ੀਲ ਮੇਲਿਆਂ ਆਦਿ ਵਿੱਚ ਵੀ ਨਹੀਂ ਜਾ ਸਕੇ। ਸੋਸ਼ਲ ਮੀਡੀਆ ਉੱਪਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਲੋਕਾਂ ਨੇ ਰੱਜ ਕੇ ਭੜਾਸ ਕੱਢੀ। ਲਾਠੀਚਾਰਜ ਪੀੜਤਾਂ ਵੱਲੋਂ ਪੁਲੀਸ ਦੀ ਇਸ ਕਾਰਵਾਈ ਦੀ ਆਲੋਚਨਾ ਕੀਤੀ ਜਾ ਰਹੀ ਹੈ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਸਭਿਆਚਾਰਕ ਪ੍ਰੋਗਰਾਮਾਂ ਲਈ ਵਧੀਆ ਪ੍ਰਬੰਧ ਕੀਤੇ ਜਾਣ।
ਵਿਧਾਇਕ ਸੇਖੋਂ ਨੇ ਮੰਗੀ ਮੁਆਫੀ
ਫਰੀਦਕੋਟ ਦੇ ਵਿਧਾਇਕ ਗੁਰਤੇਜ ਸਿੰਘ ਸੇਖੋਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਸਤਿੰਦਰ ਸਰਤਾਜ ਦੇ ਸਮਾਗਮ ਲਈ ਢੁੱਕਵੇਂ ਪ੍ਰਬੰਧ ਨਹੀਂ ਕੀਤੇ ਸਨ ਅਤੇ ਖਾਹਮਖਾਹ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਗਿਆ। ਇਸ ਬਦਲੇ ਉਨ੍ਹਾਂ ਨੇ ਲੋਕਾਂ ਤੋਂ ਮੁਆਫੀ ਮੰਗੀ ਅਤੇ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਅਜਿਹੀ ਕੁਤਾਹੀ ਨਹੀਂ ਹੋਣ ਦਿੱਤੀ ਜਾਵੇਗੀ।