ਸੰਜੀਵ ਹਾਂਡਾ
ਫ਼ਿਰੋਜ਼ਪੁਰ, 4 ਜੁਲਾਈ
ਸਰਹੱਦੀ ਜ਼ਿਲ੍ਹੇ ਦਾ ਪਸ਼ੂ ਪਾਲਣ ਵਿਭਾਗ ਸਟਾਫ਼ ਦੀ ਭਾਰੀ ਕਮੀ ਨਾਲ ਜੂਝ ਰਿਹਾ ਹੈ। ਬਰਸਾਤੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਪਸ਼ੂਆਂ ਵਿਚ ਗਲਘੋਟੂ ਤੇ ਹੋਰ ਬੀਮਾਰੀਆਂ ਨੂੰ ਰੋਕਣ ਲਈ ਮਹਿਕਮੇ ਵੱਲੋਂ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਜਾਂਦੀ ਹੈ, ਪਰ ਇਸ ਸਰਹੱਦੀ ਜ਼ਿਲ੍ਹੇ ਵਿਚ ਸਟਾਫ਼ ਦੀ ਭਾਰੀ ਕਮੀ ਦੀ ਵਜ੍ਹਾ ਕਰਕੇ ਪਸ਼ੂਆਂ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਗਿਆ ਹੈ।
ਜਾਣਕਾਰੀ ਮੁਤਾਬਿਕ ਇਸ ਵੇਲੇ ਜ਼ਿਲ੍ਹੇ ਅੰਦਰ ਡੇਢ ਲੱਖ ਦੇ ਕਰੀਬ ਪਸ਼ੂ ਪਾਲਕ ਹਨ ਤੇ ਸੌ ਤੋਂ ਵੱਧ ਡੇਅਰੀਆਂ ਹਨ। ਪਸ਼ੂਆਂ ਦੀ ਗਲਘੋਟੂ ਬੀਮਾਰੀ ਦੀ ਰੋਕਥਾਮ ਲਈ ਮਈ ਮਹੀਨੇ ਤੋਂ ਵੈਕਸੀਨੇਸ਼ਨ ਮੁਹਿੰਮ ਚੱਲ ਰਹੀ ਹੈ,ਪਰ ਸਟਾਫ਼ ਦੀ ਵੱਡੀ ਕਮੀ ਇਸ ਮੁਹਿੰਮ ਵਿਚ ਅੜਿੱਕਾ ਬਣ ਰਹੀ ਹੈ। ਸਟਾਫ਼ ਨੂੰ ਇਸ ਬਰਸਾਤੀ ਸੀਜ਼ਨ ਦੌਰਾਨ ਜ਼ਿਲ੍ਹੇ ਦੇ ਸਾਰੇ ਪਸ਼ੂਆਂ ਦੀ ਵੈਕਸੀਨੇਸ਼ਨ ਹੋਣੀ ਸੰਭਵ ਨਜ਼ਰ ਨਹੀਂ ਆ ਰਹੀ। ਅਜੇ ਤੱਕ ਸਿਰਫ਼ 65 ਹਜ਼ਾਰ ਪਸ਼ੂਆਂ ਦੀ ਵੈਕਸੀਨੇਸ਼ਨ ਹੀ ਹੋ ਸਕੀ ਹੈ। ਇਹ ਬੀਮਾਰੀ ਇੱਕ ਪਸ਼ੂ ਤੋਂ ਦੂਜੇ ਪਸ਼ੂ ਵਿਚ ਛੇਤੀ ਪਹੁੰਚ ਜਾਂਦੀ ਹੈ ਜੋ ਪਸ਼ੂਆਂ ਵਾਸਤੇ ਜਾਨਲੇਵਾ ਵੀ ਹੋ ਸਕਦੀ ਹੈ। ਹਰ ਸਾਲ ਪੰਜ ਪ੍ਰਤੀਸ਼ਤ ਪਸ਼ੂ ਗਲਘੋਟੂ ਬੀਮਾਰੀ ਦੀ ਲਪੇਟ ਵਿਚ ਆ ਜਾਂਦੇ ਹਨ।
ਦੂਜੇ ਪਾਸੇ ਪਸ਼ੂ ਪਾਲਣ ਵਿਭਾਗ ਵਿਚ 67 ਫ਼ੀਸਦੀ ਸੀਟਾਂ ਲੰਮੇਂ ਸਮੇਂ ਤੋਂ ਖਾਲੀ ਪਈਆਂ ਹਨ। ਜ਼ਿਲ੍ਹੇ ਅੰਦਰ 44 ਪਸ਼ੂ ਹਸਪਤਾਲ ਤੇ 20 ਡਿਸਪੈਂਸਰੀਆਂ ਹਨ। ਇੱਕ ਹਸਪਤਾਲ ਵਿਚ ਇੱਕ-ਇੱਕ ਡਾਕਟਰ, ਇੱਕ ਵੈਟਰਨਰੀ ਇੰਸਪੈਕਟਰ ਤੇ ਇੱਕ ਦਰਜਾ ਚਾਰ ਕਰਮਚਾਰੀ ਹੋਣਾ ਚਾਹੀਦਾ ਹੈ ਪਰ ਇਥੇ ਸਿਰਫ਼ 12 ਡਾਕਟਰ, 30 ਇੰਸਪੈਕਟਰ ਤੇ 14 ਦਰਜਾ ਚਾਰ ਕਰਮਚਾਰੀਆਂ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ। ਪਸ਼ੂ ਪਾਲਣ ਵਿਭਾਗ ਦੇ ਸੀਨੀਅਰ ਵੈਟਰਨਰੀ ਅਫ਼ਸਰ ਡਾਕਟਰ ਪ੍ਰਵੀਨ ਅਗਰਵਾਲ ਦਾ ਕਹਿਣਾ ਹੈ ਕਿ ਸਟਾਫ਼ ਦੀ ਭਾਰੀ ਕਮੀ ਦੇ ਚਲਦਿਆਂ ਨਾ ਸਿਰਫ਼ ਪਸ਼ੂਆਂ ਦੀ ਵੈਕਸੀਨੇਸ਼ਨ ’ਤੇ ਮਾੜਾ ਅਸਰ ਪੈ ਰਿਹਾ ਹੈ, ਸਗੋਂ ਬੀਮਾਰ ਪਸ਼ੂਆਂ ਦਾ ਇਲਾਜ ਵੀ ਠੀਕ ਢੰਗ ਨਾਲ ਨਹੀਂ ਹੋ ਰਿਹਾ।
ਉਨ੍ਹਾਂ ਦੱਸਿਆ ਕਿ ਬਰਸਾਤੀ ਮੌਸਮ ਵਿਚ ਪਸ਼ੂਆਂ ਦੀਆਂ ਬੀਮਾਰੀਆਂ ਫੈਲਣ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ। ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਡਾਕਟਰਾਂ ਦੀ ਟੀਮ ਘਰ ਤੱਕ ਆਉਣ ਦਾ ਇੰਤਜ਼ਾਰ ਕਰਨ ਦੀ ਬਜਾਏ ਆਪਣੇ ਪਸ਼ੂ ਨਜ਼ਦੀਕੀ ਹਸਪਤਾਲ ਜਾਂ ਡਿਸਪੈਂਸਰੀ ਵਿਚ ਲਿਆ ਕੇ ਵੈਕਸੀਨੇਸ਼ਨ ਕਰਵਾ ਲੈਣ ਤਾਂ ਜੋ ਉਨ੍ਹਾਂ ਨੂੰ ਗੰਭੀਰ ਬੀਮਾਰੀਆਂ ਤੋਂ ਬਚਾਇਆ ਜਾ ਸਕੇ।
ਠੁੱਲੀਵਾਲ, ਮਾਂਗੇਵਾਲ ਤੇ ਮਨਾਲ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ
ਮਹਿਲ ਕਲਾਂ(ਨਵਕਿਰਨ ਸਿੰਘ): ਪਿੰਡ ਠੁੱਲੀਵਾਲ ਦੇ ਸਿਵਲ ਪਸ਼ੂ ਹਸਪਤਾਲ ’ਚ ਪਿਛਲੇ ਦੋ ਮਹੀਨੇ ਤੋਂ ਡਾਕਟਰ ਸਮੇਤ ਜ਼ਿਆਦਾਤਰ ਅਸਾਮੀਆਂ ਖਾਲ੍ਹੀ ਹੋਣ ਕਾਰਨ ਪ੍ਰੇਸ਼ਾਨ ਝੱਲ ਰਹੇ ਪਿੰਡ ਵਾਸੀਆਂ ਨੇ ਅੱਜ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਨੇ ਹਸਪਤਾਲ ’ਚ ਖਾਲ੍ਹੀ ਅਸਾਮੀਆਂ ਪੂਰੀਆਂ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਇਕਾਈ ਪ੍ਰਧਾਨ ਅਮਰਜੀਤ ਸਿੰਘ ਠੁੱਲੀਵਾਲ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਸੁਖਵਿੰਦਰ ਸਿੰਘ ਠੁੱਲੀਵਾਲ, ਸਾਬਕਾ ਪੰਚ ਜਰਨੈਲ ਸਿੰਘ ਗਿੱਲ, ਰਾਮ ਸਿੰਘ ਸੋਹੀ, ਜਗਤਾਰ ਸਿੰਘ ਆਦਿ ਨੇ ਦੱਸਿਆ ਕਿ ਇਸ ਹਸਪਤਾਲ ’ਚ ਠੁੱਲੀਵਾਲ, ਮਾਂਗੇਵਾਲ ਤੇ ਮਨਾਲ ਪਿੰਡ ਦੇ ਲੋਕ ਪਸ਼ੂਆਂ ਦਾ ਇਲਾਜ ਕਰਵਾਉਣ ਲਈ ਆਉਂਦੇ ਹਨ, ਪਰ ਇਥੇ ਸਟਾਫ਼ ਦੀ ਘਾਟ ਹੈ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਖੇਤੀ ਸਹਾਇਕ ਧੰਦੇ ਸ਼ੁਰੂ ਕਰਨ ਲਈ ਕਹਿ ਰਹੀ ਹੈ, ਜਦਕਿ ਦੂਜੇ ਪਾਸੇ ਪਸ਼ੂ ਪਾਲਣ ਦਾ ਕਿੱਤਾ ਕਰਨ ਵਾਲੇ ਲੋਕਾਂ ਨੂੰ ਡਾਕਟਰੀ ਸਹਾਇਤਾ ਤੋਂ ਵਾਂਝੇ ਕੀਤਾ ਜਾ ਰਿਹਾ ਹੈ।ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਤਾਂ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਲਖਵੀਰ ਸਿੰਘ ਨੇ ਇਸ ਸਬੰਧੀ ਪੁੱਛੇ ਜਾਣ ’ਤੇ ਕਿਹਾ ਕਿ ਉਨ੍ਹਾਂ ਵੱਲੋਂ ਜ਼ਿਲ੍ਹੇ ਦੇ ਪਸ਼ੂ ਹਸਪਤਾਲਾਂ, ਡਿਸਪੈਂਸਰੀਆਂ ਵਿੱਚ ਖਾਲ੍ਹੀ ਪਈਆਂ ਅਸਾਮੀਆਂ ਸਬੰਧੀ ਪੰਜਾਬ ਸਰਕਾਰ ਨੂੰ ਪੱਤਰ ਭੇਜ ਦਿੱਤਾ ਗਿਆ ਹੈ ਤੇ ਛੇਤੀ ਹੀ ਸਟਾਫ਼ ਦੀ ਘਾਟ ਪੂਰੀ ਹੋ ਜਾਵੇਗੀ।