ਮਨੋਜ ਸ਼ਰਮਾ
ਬਠਿੰਡਾ, 13 ਜੂਨ
ਜ਼ਿਲ੍ਹੇ ਦੀ ਹੱਦ ’ਤੇ ਵਸੇ ਪਿੰਡ ਅਬਲੂ ਦੀ ਇੱਕ 30 ਸਾਲਾ ਔਰਤ ਨੇ ਘਰੇਲੂ ਕਲੇਸ਼ ਕਾਰਨ ਅੱਜ ਸਵੇਰੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਗੁਰਪ੍ਰੀਤ ਕੌਰ ਪਤਨੀ ਸਤਨਾਮ ਸਿੰਘ ਵਜੋਂ ਹੋਈ ਹੈ। ਪੁਲੀਸ ਅਤੇ ਸਹਾਰਾ ਦੀ ਟੀਮ ਨੇ ਔਰਤ ਦੀ ਲਾਸ਼ ਨੂੰ ਹੇਠਾਂ ਉਤਾਰਿਆ।
ਮ੍ਰਿਤਕ ਔਰਤ ਦਾ ਵਿਆਹ ਪੰਜ ਸਾਲ ਪਹਿਲਾਂ ਹੋਇਆ ਸੀ ਅਤੇ ਉਹ ਮੋਗਾ ਜ਼ਿਲ੍ਹੇ ਵਿਚ ਪੈਂਦੇ ਪਿੰਡ ਧੂੜਕੋਟ ਟਾਹਲੀਆਂ ਦੇ ਪੰਮਾ ਸਿੰਘ ਦੀ ਲੜਕੀ ਸੀ। ਤਫ਼ਤੀਸ਼ੀ ਅਫ਼ਸਰ ਏਐੱਸਆਈ ਗੁਮਦੂਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦਾ ਪਤੀ ਬਠਿੰਡਾ ਦੀ ਇੱਕ ਸਮਾਜ ਸੇਵੀ ਸੰਸਥਾ ਦੀ ਵੈਨ ਦਾ ਡਰਾਈਵਰ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੁਰਪ੍ਰੀਤ ਦੇ ਪਤੀ ਦੇ ਕਿਸੇ ਹੋਰ ਔਰਤ ਨਾਲ ਕਥਿਤ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਦੋਵਾਂ ਵਿਚਾਲੇ ਹਮੇਸ਼ਾ ਲੜਾਈ-ਝਗੜਾ ਰਹਿੰਦਾ ਸੀ। ਇਸ ਮਾਮਲੇ ਨੂੰ ਲੈ ਕੇ ਦੋਵਾਂ ਵਿਚਾਲੇ ਹੋਏ ਝਗੜੇ ਮਗਰੋਂ ਔਰਤ ਨੇ ਫਾਹਾ ਲੈ ਲਿਆ। ਪੁਲੀਸ ਨੇ ਪੀੜਤ ਪਰਿਵਾਰ ਦੇ ਬਿਆਨ ’ਤੇ ਕੇਸ ਦਰਜ ਕਰ ਲਿਆ ਹੈ।
ਤਲਾਕ ਤੋਂ ਤੰਗ ਮਜ਼ਦੂਰ ਨੇ ਫਾਹਾ ਲਿਆ
ਇਕਬਾਲ ਸ਼ਾਂਤ
ਡੱਬਵਾਲੀ, 13 ਜੂਨ
ਪਿੰਡ ਮਸੀਤਾਂ ਵਿੱਚ ਤਲਾਕ ਤੋਂ ਪ੍ਰੇਸ਼ਾਨ 32 ਸਾਲਾ ਖੇਤ ਮਜ਼ਦੂਰ ਨੇ ਸ਼ਮਸ਼ਾਨਘਾਟ ਵਿੱਚ ਦਰੱਖਤ ਨਾਲ ਫਾਹਾ ਲੈ ਲਿਆ। ਉਸ ਦੀ ਪਛਾਣ ਮੁਕੇਸ਼ ਚੰਦ ਵਜੋਂ ਹੋਈ ਹੈ। ਉਸ ਦਾ ਲਗਪਗ ਦੋ ਸਾਲ ਪਹਿਲਾਂ ਆਪਣੀ ਪਤਨੀ ਨਾਲ ਤਲਾਕ ਹੋ ਗਿਆ ਸੀ। ਉਦੋਂ ਤੋਂ ਉਹ ਪ੍ਰੇਸ਼ਾਨ ਚੱਲ ਰਿਹਾ ਸੀ। ਉਹ ਅਤੇ ਉਸ ਦਾ ਭਰਾ ਮਸੀਤਾਂ ’ਚ ਮਜ਼ਦੂਰੀ ਕਰਦੇ ਹਨ। ਬੀਤੀ ਰਾਤ ਉਹ ਚੁੱਪ-ਚਾਪ ਘਰੋਂ ਨਿਕਲ ਗਿਆ। ਅੱਜ ਸਵੇਰੇ ਸ਼ਮਸ਼ਾਨ ਘਾਟ ਨੇੜਿਓਂ ਲੰਘਦੇ ਕਿਸੇ ਵਿਅਕਤੀ ਨੇ ਉਸ ਦੀ ਲਾਸ਼ ਦਰੱਖਤ ਨਾਲ ਲਟਕਦੀ ਵੇਖੀ ਅਤੇ ਇਸ ਦੀ ਸੂਚਨਾ ਮ੍ਰਿਤਕ ਦੇ ਪਰਿਵਾਰ ਅਤੇ ਪੁਲੀਸ ਨੂੰ ਦਿੱਤੀ। ਪੁਲੀਸ ਨੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।
ਮੰਦਬੁੱਧੀ ਲੜਕੇ ਵੱਲੋਂ ਖੁਦਕੁਸ਼ੀ
ਡੱਬਵਾਲੀ (ਪੱਤਰ ਪ੍ਰੇਰਕ): ਸਥਾਨਕ ਵਾਰਡ 18 ਵਿੱਚ 13 ਸਾਲਾ ਨਾਬਾਲਗ ਮੰਦਬੁੱਧੀ ਲੜਕੇ ਨੇ ਪੱਖੇ ਨਾਲ ਲਟਕ ਦੇ ਆਪਣੀ ਜ਼ਿੰਦਗੀ ਮੁਕਾ ਲਈ। ਮ੍ਰਿਤਕ ਪਵਨ ਕੁਮਾਰ ਪੁੱਤਰ ਰਤਨ ਲਾਲ ਮੂਲ ਵਾਸੀ ਥਲ (ਜ਼ਿਲ੍ਹਾ ਮੈਨਪੁਰੀ) ਨਾਲ ਸਬੰਧਿਤ ਸੀ। ਪੁਲੀਸ ਨੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।
ਵਿਅਕਤੀ ਵੱਲੋਂ ਆਤਮਹੱਤਿਆ
ਪ੍ਰਭੂ ਦਿਆਲ
ਸਿਰਸਾ, 13 ਜੂਨ
ਇਥੋਂ ਦੀ ਝੋਪੜਾ ਰੋਡ ’ਤੇ ਰਹਿੰਦੇ ਇਕ ਵਿਅਕਤੀ ਨੇ ਘਰੇਲੂ ਕਲੇਸ਼ ਦੇ ਚੱਲਦਿਆਂ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਝੋਪੜਾ ਰੋਡ ’ਤੇ ਰਹਿਣ ਵਾਲੇ ਭੀਮ ਸਿੰਘ ਦਾ ਆਪਣੀ ਪਤਨੀ ਨਾਲ ਕਿਸੇ ਗੱਲੋਂ ਕਥਿਤ ਕਲੇਸ਼ ਚੱਲ ਰਿਹਾ ਸੀ। ਇਸ ਤੋਂ ਪ੍ਰੇਸ਼ਾਨ ਭੀਮ ਸਿੰਘ ਨੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ਮਗਰੋਂ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਮ੍ਰਿਤਕ ਦੇਹ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਈ। ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।