ਇਕਬਾਲ ਸਿੰਘ ਸ਼ਾਂਤ
ਲੰਬੀ, 16 ਮਈ
ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਅੱਜ ਆਪ ਸਰਕਾਰ ’ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀਆਂ ਸਮਾਜ ਭਲਾਈ ਸਕੀਮਾਂ ਬੰਦ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਆਖਿਆ ਕਿ ‘ਆਪ’ ਸਰਕਾਰ ਨੇ ਆਟਾ-ਦਾਲ ਸਕੀਮ ਵਿਚ ਕਟੌਤੀ ਕਰਕੇ 5 ਕਿੱਲੋ ਆਟੇ ਤੱਕ ਪਹੁੰਚਾ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਗਰੀਬਾਂ 30 ਕਿਲੋ ਕਣਕ ਦਿੱਤੀ ਜਾਂਦੀ ਸੀ ਜਿਸ ਨੂੰ ਕਾਂਗਰਸ ਸਰਕਾਰ ਵੇਲੇ 15 ਕਿੱਲੋ ਕਰ ਦਿੱਤਾ ਗਿਆ ਅਤੇ ਹੁਣ ਆਪ ਸਰਕਾਰ ਨੇ ਕਟੌਤੀ ਕਰਕੇ ਗਰੀਬਾਂ ਨੂੰ ਭੁੱਖੇ ਢਿੱਡ ਰਹਿਣ ਲਈ ਮਜਬੂਰ ਕੀਤਾ ਹੈ। ਉਨ੍ਹਾਂ ਆਖਿਆ ਕਿ ‘ਆਪ’ ਸਰਕਾਰ ਨੇ ਬੁਢਾਪਾ ਪੈਨਸ਼ਨ ਸਕੀਮ ਅਤੇ ਸ਼ਗਨ ਸਕੀਮ ਵਿਚ ਕਟੌਤੀ ਕਰ ਦਿੱਤੀ। ਅਕਾਲੀ ਸਰਕਾਰ ਸਮੇਂ ਲੜਕੀਆਂ ਨੂੰ ਮੁਫਤ ਵੰਡੇ ਜਾਂਦੇ ਸਾਈਕਲ ਵੀ ਨਹੀਂ ਦਿੱਤੇ ਜਾ ਰਹੇ ਅਤੇ ਐਸਸੀ ਸਕਾਲਰਸ਼ਿਪ ਵਿਚ ਵੀ ਕਟੌਤੀ ਕਰ ਦਿੱਤੀ ਹੈ। ਉਨ੍ਹਾਂ ਆਖਿਆ ਕਿ ਆਪ ਸਰਕਾਰ ਦੇ ਰਾਜ ਵਿਚ ਸੂਬੇ ਸਿਰ ਕਰਜ਼ਾ ਵਧਦਾ ਜਾ ਰਿਹਾ ਹੈ। ਉਨ੍ਹਾਂ ਇਸ਼ਤਿਹਾਰਾਂ ’ਤੇ ਪੈਸੇ ਖਰਚ ਕਰਨ ਦੇ ਦੋਸ਼ ਲਾਏ।
‘ਬਾਦਲ ਸਾਬ੍ਹ ਨੇ ਲੰਬੀ ਹਲਕੇ ਦੇ ਵਿਕਾਸ ਖ਼ਾਤਰ ਵੱਡੇ ਤਰਦੱਦ ਕੀਤੇ’
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਹਲਕੇ ਨੂੰ ਸੰਵਾਰਨ ਲਈ ਵੱਡੇ ਤਰਦੱਦ ਕੀਤੇ ਹਨ। ਉਨ੍ਹਾਂ ਲੰਬੀ ਹਲਕੇ ਵਿੱਚ ਸਕੂਲ, ਕਾਲਜ, ਹਸਪਤਾਲ, ਵੈਟਰਨਰੀ ਹਸਪਤਾਲ, ਸਟੇਡੀਅਮ ਤੇ ਖੇਡ ਸਹੂਲਤਾਂ ਸਹੂਲਤਾਂ ਗਿਣਾਉਂਦੇ ਆਖਿਆ ਕਿ ਇਹ ਸਭ ਮਰਹੂਮ ਬਾਦਲ ਦੇ ਯਤਨਾਂ ਸਦਕਾ ਸੰਭਵ ਹੋ ਸਕਿਆ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਅਗਾਂਹ ਵੀ ਮਰਹੂਮ ਬਾਦਲ ਸਾਹਿਬ ਦੇ ਨਕਸ਼ੇ ਕਦਮਾਂ ’ਤੇ ਲੰਬੀ ਹਲਕੇ ਦੀ ਸੇਵਾ-ਵਿਰਾਸਤ ਨੂੰ ਸਾਂਭੇਗਾ।