ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਮਈ
ਸਲੇਮ ਟਾਬਰੀ ਦੇ ਮੁਹੱਲਾ ਪੀਰੂਬੰਦਾ ’ਚ ਹਮਲਾਵਰਾਂ ਤੋਂ ਬਚਾਉਣ ਲਈ ਆਪਣੇ ਦੋਸਤ ਨੂੰ ਘਰ ’ਚ ਰੱਖਣਾ ਦੋ ਭਰਾਵਾਂ ਨੂੰ ਮਹਿੰਗਾ ਪੈ ਗਿਆ। ਪਿਓ-ਪੁੱਤਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦੋਸਤ ਨੂੰ ਸ਼ਰਣ ਦੇਣ ਵਾਲੇ ਭਰਾਵਾਂ ’ਤੇ ਕਾਤਲਾਨਾ ਹਮਲਾ ਕਰ ਦਿੱਤਾ, ਜਿਸ ’ਚ ਇੱਕ ਭਰਾ ਦੀ ਮੌਤ ਹੋ ਗਈ। ਇਸ ਸਮੇਂ ਜ਼ਖਮੀ ਦੂਸਰੇ ਭਰਾ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਏਸੀਪੀ ਉੱਤਰੀ ਜੈਯੰਤ ਪੁਰੀ ਤੇ ਥਾਣਾ ਸਲੇਮ ਟਾਬਰੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਇਸ ਮਾਮਲੇ ’ਚ ਹਰਦੀਪ ਸਿੰਘ ਤੇ ਜਸਕਰਨ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਅਣਪਛਾਤੇ ਸਾਥੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉੱਧਰ, ਹਸਪਤਾਲ ’ਚ ਭਰਤੀ ਸਾਜਨ ਦੀ ਹਾਲਤ ਹਾਲੇ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਮੁਹੱਲਾ ਪੀਰੂਬੰਦਾ ਇਲਾਕੇ ’ਚ ਰਹਿਣ ਵਾਲੇ ਅਜੈ ਉਰਫ਼ ਜਸ਼ਨ ਦਾ ਹਰਦੀਪ ਤੇ ਉਸਦੇ ਲੜਕੇ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ। ਇਸ ਦੌਰਾਨ ਹਰਦੀਪ ਤੇ ਜਸਕਰਨ ਨੇ ਆਪਣੇ ਕੁਝ ਸਾਥੀਆਂ ਨੂੰ ਹਥਿਆਰਾਂ ਨਾਲ ਲੈਸ ਕਰਕੇ ਬੁਲਾ ਲਿਆ ਤਾਂ ਕਿ ਅਜੈ ਨੂੰ ਸਬਕ ਸਿਖਾ ਸਕਣ। ਅਜੈ ਖੁਦ ਨੂੰ ਬਚਾਉਣ ਲਈ ਸ਼ੰਮੀ ਦੇ ਘਰ ਦਾਖਲ ਹੋ ਗਿਆ। ਇਸ ਦੌਰਾਨ ਨੌਜਵਾਨਾਂ ਨੇ ਉਨ੍ਹਾਂ ਦੇ ਘਰ ’ਤੇ ਹਮਲਾ ਕਰ ਦਿੱਤਾ ਜਿੱਥੇ ਸ਼ੰਮੀ ਤੇ ਉਸਦੇ ਭਰਾ ਸਾਜਨ ਨਾਲ ਮੁਲਜ਼ਮਾਂ ਨੇ ਕਾਫ਼ੀ ਕੁੱਟਮਾਰ ਕੀਤੀ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ’ਚ ਸ਼ੰਮੀ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਸਾਜਨ ਗੰਭੀਰ ਜ਼ਖਮੀ ਹੋ ਗਿਆ। ਅਜੈ ਜਿਸਨੇ ਘਰ ’ਚ ਪਨਾਹ ਲਈ ਸੀ, ਉਹ ਮੌਕਾ ਦੇਖ ਕੇ ਫ਼ਰਾਰ ਹੋ ਗਿਆ ਤਾਂ ਕਿ ਹਮਲਾਵਰ ਉਸ ’ਤੇ ਹਮਲਾ ਨਾ ਕਰ ਸਕਣ।
ਏਸੀਪੀ ਜੈਅੰਤ ਪੁਰੀ ਨੇ ਦੱਸਿਆ ਕਿ ਹਰਦੀਪ, ਉਸ ਦੇ ਲੜਕੇ ਜਸਕਰਨ ਸਿੰਘ ਤੇ ਹੋਰਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਭਾਲ ’ਚ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਗਏ ਹਨ। ਇੱਕ ਸੀਸੀਸੀਟੀਵੀ ਕੈਮਰੇ ਦੀ ਫੁਟੇਜ ਮਿਲੀ ਹੈ, ਜਿਸ ’ਚ ਮੁਲਜ਼ਮ ਸ਼ੰਮੀ ਅਤੇ ਸਾਜਨ ਨਾਲ ਬਹਿਸ ਕਰ ਰਹੇ ਹਨ ਤੇ ਉਸ ਤੋਂ ਬਾਅਦ ਉੱਥੋਂ ਫ਼ਰਾਰ ਹੋ ਰਹੇ ਹਨ। ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।