ਗੁਰਪ੍ਰੀਤ ਦੌਧਰ
ਅਜੀਤਵਾਲ, 7 ਅਗਸਤ
ਢੁੱਡੀਕੇ ਦੇ ਸਰਕਾਰੀ ਕਾਲਜ ਦੇ ਹਾਕੀ ਗਰਾਊਂਡ ’ਤੇ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਐਸਟਰੋਟਰਫ ਲਾਉਣ ਦਾ ਸ਼ੁਰੂ ਕੀਤਾ ਗਿਆ ਕੰਮ ਫੰਡਾਂ ਦੀ ਘਾਟ ਕਾਰਨ ਕਈ ਸਾਲਾਂ ਤੋਂ ਰੁਕਿਆ ਪਿਆ ਹੈ। ਜ਼ਿਕਰਯੋਗ ਹੈ ਕਿ ਲਾਲਾ ਲਾਜਪਤ ਰਾਏ ਦੇ 150ਵੇਂ ਜਨਮ ਦਿਨ ਮੌਕੇ ਤਤਕਾਲੀ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਐਸਟਰੋਟਰਫ ਬਣਾਉਣ ਦਾ ਨੀਂਹ ਪੱਥਰ ਰੱਖਿਆ ਸੀ, ਜਿਸ ’ਤੇ ਤਿੰਨ ਕਰੋੜ ਰੁਪਏ ਖਰਚੇ ਜਾਣੇ ਸਨ। ਗਰਾਊਂਡ ’ਚ ਐਸਟਰੋਟਰਫ ਲਾਉਣ ਲਈ ਜੋ ਆਧਾਰ ਤਿਆਰ ਕੀਤਾ ਗਿਆ ਸੀ ਉਹ ਖਰਾਬ ਹੋਣ ਕਾਰਨ ਹੁਣ ਖਿਡਾਰੀ ਇੱਥੇ ਅਭਿਆਸ ਵੀ ਨਹੀਂ ਕਰ ਸਕਦੇ ਹਨ। ਗਰਾਂਊਡ ਦੀ ਚਾਰਦੀਵਾਰੀ ’ਤੇ ਲਗਾਈ ਗਈ ਜਾਲੀ ਵੀ ਜੰਗਾਲ ਕਾਰਨ ਗਲ ਰਹੀ ਹੈ। ਪੀ.ਡਬਲਯੂ.ਡੀ ਵਿਭਾਗ ਦੇ ਐੱਸਡੀਓ ਚਰਨਜੀਤ ਸਿੰਘ ਨੇ ਦੱਸਿਆ ਕਿ ਠੇਕੇਦਾਰ ਵੱਲੋਂ 20 ਲੱਖ ਰੁਪਏ ਖਰਚੇ ਜਾ ਚੁੱਕੇ ਹਨ ਪਰ ਪੈਸੇ ਨਾ ਮਿਲਣ ਕਾਰਨ ਉਸ ਨੇ ਕੰਮ ਬੰਦ ਕਰ ਦਿੱਤਾ।