ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 9 ਮਾਰਚ
ਵਿਧਾਨ ਸਭਾ ਹਲਕਾ ਕੋਟਕਪੂਰਾ -88 ‘ਚ ਭਲਕੇ ਦਸ ਮਾਰਚ ਨੂੰ ਵੋਟਿੰਗ ਦੀ ਗਿਣਤੀ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗਾ। ਵੋਟਾਂ ਦੀ ਗਿਣਤੀ ਦਾ ਕੰਮ ਸਿਰੇ ਚੜ੍ਹਾਉਣ ਲਈ ਚੋਣ ਕਮਿਸ਼ਨਰ ਨੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ।
ਭਲਕੇ ਵੋਟਾਂ ਦੀ ਗਿਣਤੀ ਦਾ ਕੰਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਵਿਖੇ ਹੋਵੇਗਾ। ਚੋਣ ਅਧਿਕਾਰੀ ਕਮ ਸਬ-ਡਵੀਜਨਲ ਮੈਜਿਸਟ੍ਰੇਟ ਕੋਟਕਪੂਰਾ ਦਵਿੰਦਰ ਸਿੰਘਨ ਸਰਕਲ ਨੂੰ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤ ਮੁਤਾਬਕ ਵੋਟਿੰਗ ਹਾਲ ਅੰਦਰ ਮੋਬਾਇਲ ਫੋਨ ਲੈ ਜਾਣ ਤੇ ਸਖਤ ਪਾਬੰਦੀ ਲੱਗਾ ਦਿੱਤੀ। ਸਿਰਫ ਪੱਤਰਕਾਰ ਹੀ ਆਪਣੇ ਮੋਬਾਇਲ ਫੋਨ ਮੀਡੀਆ ਸੈਂਟਰਾਂ ਤੱਕ ਲੈ ਜਾ ਸਕਣਗੇ।
ਐੱਸਐੱਸਪੀ ਫ਼ਰੀਦਕੋਟ ਵਰੁਣ ਸ਼ਰਮਾ ਨੇ ਵੀ ਮੌਕੇ ਤੇ ਪਹੁੰਚ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਪ੍ਰਸ਼ਾਸਨ ਵੱਲੋਂ ਸਕੂਲ ਦੇ ਮੈਦਾਨ ਅੰਦਰ ਆਮ ਆਦਮੀ ਦਾ ਦਾਖਲਾ ਬੰਦ ਕੀਤਾ ਹੋਇਆ, ਜਦੋਂਕਿ ਇਸ ਘੇਰੇ ਅੰਦਰ ਸਿਰਫ ਮਾਨਤਾ ਪ੍ਰਾਪਤ ਪੱਤਰਕਾਰ ਤੇ ਚੋਣ ਕਮਿਸ਼ਨ ਦਾ ਅਮਲਾ ਹੋ ਸ਼ਾਮਲ ਹੋ ਸਕੇਗਾ। ਪ੍ਰਿੰਸੀਪਲ ਦਫ਼ਤਰ ਅੱਗੇ ਇਮਾਰਤ ਅੰਦਰ ਮੀਡੀਆ ਸੈਂਟਰ ਬਣਾਇਆ ਗਿਆ ਹੈ ਜਿਸ ਦੋ ਵੱਡੀਆਂ ਐੱਲਸੀਡੀ ਦੋ ਕੰਪਿਊਟਰ ਅਤੇ ਬ੍ਰਾਂਡਬੈਂਡ ਕੁਨੈਕਸ਼ਨ ਲਾ ਦਿੱਤਾ ਗਿਆ ਹੈ। ਪੱਤਰਕਾਰ ਸਵੇਰੇ 7.30 ਵਜੇ ਵੋਟਾਂ ਦੀ ਗਿਣਤੀ ਹਾਲ ਅੰਦਰ ਕੈਮਰਿਆਂ ਨਾਲ ਵੀਡੀਓਗ੍ਰਾਫੀ ਤੇ ਸਟੀਲ ਫੋਟੋਗ੍ਰਾਫਰ ਕਰਨ ਲਈ ਦਾਖਲ ਹੋਣਗੇ। ਉਪਰੰਤ ਥੋੜ੍ਹੀ-ਥੋੜ੍ਹੀ ਦੇਰ ਮਗਰੋਂ ਚੋਣ ਕਮਿਸ਼ਨ ਵੱਲੋਂ ਚੋਣ ਰੁਝਾਨ ਮੀਡੀਆ ਕੋਲ ਪਹੁੰਚਾਏ ਜਾਣਗੇ।