ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 17 ਫਰਵਰੀ
ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵੋਟਰ ਇਸ ਵਾਰ ਬਦਲਾਅ ਦੀ ਰਾਜਨੀਤੀ ਵਿਚ ਮੁੜ ਵਿਖ ਰਹੇ ਹਨ। 1972 ਤੋਂ 2017 ਤੱਕ ਇਸ ਹਲਕੇ ਦੇ ਵੋਟਰਾਂ ਨੇ ਨੌਂ ਵਾਰ ਆਪਣਾ ਵਿਧਾਇਕ ਚੁਣਿਆ ਹੈ। ਪਿਛਲੇ ਚੋਣ ਨਤੀਜਿਆਂ ’ਤੇ ਝਾਤ ਮਾਰੀ ਜਾਵੇ ਤਾਂ ਤਸਵੀਰ ਇਹ ਸਾਹਮਣੇ ਆਉਂਦੀ ਹੈ ਕਿ ਇਹ ਹਲਕਾ ਕਿਸੇ ਇੱਕ ਪਾਰਟੀ ਦਾ ਗੜ੍ਹ ਨਹੀਂ ਰਿਹਾ। ਹਲਕੇ ਦੇ ਵੋਟਰਾਂ ਨੇ ਆਪਣੀ ਸਦਭਾਵਨਾ ਨੂੰ ਕਾਇਮ ਰੱਖਦਿਆਂ ਕਦੇ ਅਕਾਲੀ ਦਲ ਤੇ ਕਾਂਗਰਸੀ ਨੂੰ ਵਿਧਾਇਕ ਚੁਣ ਕੇ ਵਿਧਾਨ ਸਭਾ ਵਿਚ ਭੇਜਿਆ ਹੈ। ਹਲਕੇ ਅੰਦਰ ਕੁੱਲ 159646 ਵੋਟਰ ਜਿਨ੍ਹਾਂ ਵਿਚ ਪੁਰਸ਼ 84473 ਔਰਤ 75166 ਅਤੇ 7 ਟਰਾਂਸਜੈਂਡਰ ਵੋਟਰ ਹਨ। 2017 ਦੀ ਚੋਣ ’ਚ ਵੀ ਵੋਟਰਾਂ ਨੇ ਆਪ ਦੇ ਕੁਲਤਾਰ ਸੰਧਵਾ ਨੂੰ ਵੱਡੀ ਲੀਡ ਨਾਲ ਜਿੱਤ ਦੁਆਈ ਸੀ ਤੇ ਇਸ ਵਾਰ ਮੁੱਖ ਮੁਕਾਬਲਾ ਆਪ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਦਰਮਿਆਨ ਹੈ।
ਕਾਂਗਰਸ ਨੇ ਪਹਿਲੀ ਵਾਰ ਇਸ ਹਲਕੇ ਵਿੱਚ ਲੋਕਲ ਉਮੀਦਵਾਰ ਅਜੈਪਾਲ ਸੰਧੂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮਨਤਾਰ ਸਿੰਘ ਬਰਾੜ ਤਿੰਨ ਵਾਰ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ। ਮਨਤਾਰ ਬਰਾੜ ਅਕਾਲੀ ਦਲ ਦੇ ਆਗੂ ਸਵ: ਜਸਵਿੰਦਰ ਸਿੰਘ ਬਰਾੜ ਦੇ ਪੁੱਤਰ ਹਨ। ਅਜੈਪਾਲ ਸੰਧੂ ਸਾਬਕਾ ਮੁੱਖ ਮੰਤਰੀ ਸਵ: ਹਰਚਰਨ ਸਿੰਘ ਬਰਾੜ ਦੇ ਪਰਿਵਾਰਕ ਮੈਂਬਰ ਹਨ। ਕੁਲਤਾਰ ਸੰਧਵਾਂ ਮੌਜੂਦਾ ਵਿਧਾਇਕ ਹਨ ਤੇ ਸਾਬਕਾ ਰਾਸ਼ਟਰਪਤੀ ਸਵ: ਗਿਆਨੀ ਜ਼ੈਲ ਸਿੰਘ ਦੇ ਭਰਾ ਦੇ ਪੋਤਰੇ ਹਨ।
2002 ਵਿਚ ਅਕਾਲੀ ਦਲ ਦੇ ਮਨਤਾਰ ਸਿੰਘ ਨੇ ਕਾਂਗਰਸ ਦੀ ਪ੍ਰੋਫੈ. ਵਿਭਾ ਸ਼ਰਮਾ ਨੂੰ 1829 ਵੋਟਾਂ ਦੇ ਫਰਕ ਨਾਲ ਹਰਾਇਆ, 2007 ਵਿਚ ਕਾਂਗਰਸ ਦੇ ਰਿਪਜੀਤ ਸਿੰਘ ਬਰਾੜ ਨੇ ਅਕਾਲੀ ਦਲ ਦੇ ਮਨਤਾਰ ਸਿੰਘ ਨੂੰ 10810 ਵੋਟਾਂ ਦੇ ਫਰਕ ਨਾਲ ਹਰਾਇਆ, 2012 ਅਕਾਲੀ ਦਲ ਦੇ ਮਨਤਾਰ ਸਿੰਘ ਨੇ ਕਾਂਗਰਸ ਦੇ ਰਿਪਜੀਤ ਸਿੰਘ ਨੂੰ 18186 ਵੋਟਾਂ ਦੇ ਫਰਕ ਹਰਾਇਆ, 2017 ਵਿਚ ਆਪ ਦੇ ਕੁਲਤਾਰ ਸੰਧਵਾ ਨੇ ਅਕਾਲੀ ਦਲ ਦੇ ਮਨਤਾਰ ਸਿੰਘ ਨੂੰ 10075 ਵੋਟਾਂ ਦੇ ਫਰਕ ਨਾਲ ਸਿਕਸ਼ਤ ਦਿੱਤੀ ਸੀ।