ਪੱਤਰ ਪ੍ਰੇਰਕ
ਬਰੇਟਾ, 17 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬਰੇਟਾ ਦੇ ਦੋ ਬੈਂਕਾਂ ਅੱਗੇ ਰੈਲੀ ਅਤੇ ਧਰਨਾ ਲਗਾਇਆ ਗਿਆ। ਕਿਸਾਨ ਆਗੂ ਤਾਰਾ ਚੰਦ ਬਰੇਟਾ ਨੇ ਦੱਸਿਆ ਕਿ ਪਿੰਡ ਬਹਾਦਰਪੁਰ ਦੇ ਕਿਸਾਨ ਭੋਲਾ ਸਿੰਘ ਅਤੇ ਦੇਵ ਸਿੰਘ ਨੂੰ ਮਿਲੇ ਮੁਆਵਜ਼ੇ ਦੀ ਰਾਸ਼ੀ ਲਿਮਟ ਖਾਤੇ ਵਿੱਚ ਪਾ ਕੇ ਕੱਟ ਲਈ ਗਈ, ਜਿਸਦਾ ਜਥੇਬੰਦੀ ਵੱਲੋਂ ਸ਼ਖਤ ਵਿਰੋਧ ਕੀਤਾ ਗਿਆ ਹੈ। ਪੰਜਾਬ ਗ੍ਰਾਮਿਣ ਬੈਂਕ ਦੇ ਮੈਨੇਜਰ ਵੱਲੋਂ ਮਸਲੇ ਦੇ ਹੱਲ ਦਾ ਭਰੋਸਾ ਦੇਣ ਮਗਰੋਂ ਹੀ ਰੈਲੀ ਸਮਾਪਤ ਕੀਤੀ ਗਈ। ਐਕਸਿਸ ਬੈਂਕ ਵੱਲੋਂ ਕਿਸਾਨ ਸਾਗਰ ਸਿੰਘ ਬਰੇਟਾ ਨੂੰ ਪੂਰੇ ਰੁਪਏ ਭਰਨ ਮਗਰੋਂ ਬੇਬਾਕੀ ਸਰਟੀਫਿਕੇਟ ਜਾਰੀ ਨਾ ਕਰਨ ਖ਼ਿਲਾਫ਼ ਬੈਂਕ ਅੱਗੇ ਧਰਨਾ ਲਗਾਇਆ ਗਿਆ। ਕਿਸਾਨਾ ਨੇ ਦੱਸਿਆ ਕਿ ਕਿਸਾਨ ਨੂੰ 4 ਫ਼ੀਸਦੀ ਵਾਧੂ ਚਾਰਜ ਅਤੇ ਜੀਐੱਸਟੀ ਭਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ ਪਰ ਜਥੇਬੰਦੀ ਦੇ ਵਿਰੋਧ ਨੂੰ ਦੇਖਦਿਆਂ 7 ਦਿਨਾਂ ਦੇ ਅੰਦਰ-ਅੰਦਰ ਬੇਬਾਕੀ ਸਰਟੀਫਿਕੇਟ ਅਤੇ ਜੀਐੱਸਟੀ ਦੀ ਰਕਮ ਨਾ ਭਰਾਉਣ ਦਾ ਵਿਸ਼ਵਾਸ ਦਿੱਤਾ ਗਿਆ। ਇਸ ਮਗਰੋਂ ਧਰਨਾ ਚੁੱਕ ਲਿਆ ਗਿਆ।