ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 11 ਜੁਲਾਈ
ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਪਿੰਡ ਮਾਛੀਕੇ ਦੀਆਂ ਪਿੰਡ ਪੱਧਰੀ ਮੰਗਾਂ ਨੂੰ ਲੈ ਕੇ ਉਸਾਰੀ ਅਧੀਨ ਮੋਗਾ-ਬਰਨਾਲਾ ਨੈਸ਼ਨਲ ਹਾਈਵੇਅ ’ਤੇ ਪਿੱਛਲੇ 6 ਮਹੀਨਿਆਂ ਤੋਂ ਦਿਨ-ਰਾਤ ਦਾ ਪੱਕਾ ਮੋਰਚਾ ਚੱਲ ਰਿਹਾ ਹੈ। ਪ੍ਰਸਾਸ਼ਨ ਵੱਲੋਂ ਵਾਅਦਾ ਕਰਕੇ ਵਾਰ ਵਾਰ ਭੱਜਣ ਕਾਰਨ ਯੂਨੀਅਨ ਨੇ ਸੜਕ ਦੀ ਉਸਾਰੀ ਦਾ ਕੰਮ ਰੁਕਵਾ ਦਿੱਤਾ। ਐੱਸਡੀਐਮ ਨਿਹਾਲ ਸਿੰਘ ਵਾਲਾ ਨੂੰ ਮਿਲ ਕੇ ਮੰਨੀਆਂ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ।
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇ, ਬਲਾਕ ਪ੍ਰਧਾਨ ਨਾਜ਼ਰ ਸਿੰਘ ਖਾਈ ਤੇ ਬਾਘਾਪੁਰਾਣਾ ਬਲਾਕ ਸਕੱਤਰ ਜਸਮੇਲ ਸਿੰਘ ਰਾਜਿਆਣਾ ਨੇ ਕਿਹਾ ਕਿ ਪਿੰਡ ਵਾਸੀਆਂ ਲਈ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ, ਸੀਵਰੇਜ, ਬਾਰਿਸ਼ ਦੇ ਪਾਣੀ ਦੀ ਨਿਕਾਸੀ ਪਾਈਪਾਂ ਆਦਿ ਪਾਉਣ ਦੀਆਂ ਜ਼ਰੂਰੀ ਮੰਗਾਂ ਦੀ ਪੂਰਤੀ ਲਈ ਹਲਕਾ ਵਿਧਾਇਕ ਮਨਜੀਤ ਸਿੰਘ, ਤਹਿਸੀਲ ਪ੍ਰਸ਼ਾਸਨ ਨਾਲ ਵੀ ਕਈ ਮੀਟਿੰਗਾਂ ਹੋਇਆ ਹਨ। ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਧਰਨੇ ਵਿੱਚ ਪੁੱਜ ਕੇ ਬਰਸਾਤੀ ਪਾਣੀ ਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਰੋਡ ਵਿੱਚ ਪਾਉਣ ਦਾ ਭਰੋਸਾ ਦਿੱਤਾ ਸੀ। ਪਰ ਇਸ ਦੇ ਉਲਟ ਸੜਕ ਵਿਭਾਗ ਨੇ ਰਾਸ਼ਟਰੀ ਮਾਰਗ ਉੱਪਰ ਮਿੱਟੀ ਪਾ ਕੇ, ਉੱਚਾ ਕਰਕੇ ਸੜਕ ਬਣਾਉਣ ਦਾ ਕੰਮ ਚਾਲੂ ਕਰ ਦਿੱਤਾ ਹੈ। ਆਗੂਆਂ ਨੇ ਸੜਕ ਦਾ ਨਿਰਮਾਣ ਕੰਮ ਰੁਕਵਾ ਦਿੱਤਾ ਅਤੇ ਕਿਹਾ ਕਿ ਮੰਗਾਂ ਦੀ ਪੂਰਤੀ ਬਿਨਾਂ ਉਹ ਕਿਸੇ ਹਾਲਤ ਵਿੱਚ ਵੀ ਸੜਕ ਦਾ ਕੰਮ ਸ਼ੁਰੂ ਨਹੀਂ ਹੋਣ ਦੇਣਗੇ। ਉਨ੍ਹਾਂ ਐੱਸਡੀਐਮ ਨਿਹਾਲ ਸਿੰਘ ਵਾਲਾ ਨੂੰ ਮੰਗ ਪੱਤਰ ਦਿੱਤਾ। ਐਸਡੀਐਮ ਰਾਮ ਸਿੰਘ ਨੇ ਭਰੋਸਾ ਦਿਵਾਇਆ ਕਿ ਉਹ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪਿੰਡ ਪੱਧਰੀ ਮੰਗਾਂ ਨੂੰ ਹੱਲ ਕਰਵਾਉਣਗੇ। ਮੀਟਿੰਗ ਵਿੱਚ ਬਲਾਕ ਆਗੂ ਸਰਬਜੀਤ ਸਿੰਘ ਮਾਛੀਕੇ, ਬੇਅੰਤ ਸਿੰਘ ਹਿੰਮਤਪੁਰਾ, ਜਗਸੀਰ ਸਿੰਘ ਭਾਨੀ, ਔਰਤ ਵਿੰਗ ਦੇ ਜਸਮੇਲ ਕੌਰ,ਪਰਮਜੀਤ ਕੌਰ ਆਦਿ ਕਾਰਕੁਨ ਮੌਜੂਦ ਸਨ।