ਜਸਵੰਤ ਸਿੰਘ ਥਿੰਦ
ਮਮਦੋਟ, 10 ਸਤੰਬਰ
ਆਂਗਣਵਾੜੀ ਸੈਟਰਾਂ ਵਿੱਚ ਮੁੱਢਲੀ ਸਿੱਖਿਆ ਹਾਸਲ ਕਰ ਰਹੇ 3 ਤੋਂ 6 ਸਾਲ ਤੱਕ ਦੇ ਬੱਚਿਆਂ ਵਾਸਤੇ ਪਾਵਰ ਫਾਇਨਾਂਸ ਕਾਰਪੋਰੇਸ਼ਨ ਲਿਮਿਟਡ (ਪੀਐੱਫਸੀਐੱਲ) ਦੇ ਸਹਿਯੋਗ ਨਾਲ ਸ਼ਾਨਦਾਰ ਇਮਾਰਤਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਏਕੇਜੀ ਐਸੋਸੀਏਟ ਦਿੱਲੀ ਵੱਲੋ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਮਮਦੋਟ ਵਿੱਚ ਤਿਆਰ ਕਰਵਾਈਆਂ ਗਈਆਂ ਕੁਝ ਇਮਾਰਤਾਂ ਦੀਆਂ ਚਾਬੀਆਂ ਅੱਜ ਪਿੰਡਾਂ ਦੇ ਸੈਂਟਰਾਂ ਵਿੱਚ ਸੇਵਾ ਨਿਭਾਅ ਰਹੀਆਂ ਆਂਗਣਵਾੜੀ ਵਰਕਰਾਂ ਨੂੰ ਸੌਂਪੀਆਂ ਗਈਆਂ।
ਪੀਐੱਫਸੀਐੱਲ ਦੇ ਕੰਸਲਟੈਂਟ ਰਣਜੀਤ ਸਿੰਘ ਸੱਭਰਵਾਲ, ਸੀਡੀਪੀਓ ਦਫ਼ਤਰ ਮਮਦੋਟ ਦੀ ਸੁਪਰਵਾਈਜ਼ਰ ਸੁਰਿੰਦਰ ਕੌਰ, ਅਸ਼ੀਸ਼ ਕੁਮਾਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਫਿਰੋਜ਼ਪੁਰ ਦੇ ਦਫ਼ਤਰ ਦੇ ਤਜਿੰਦਰ ਸਿੰਘ ਵੱਲੋਂ ਆਂਗਣਵਾੜੀ ਸੈਂਟਰ ਪਿੰਡ ਝੋਕ ਨੋਧ ਸਿੰਘ ਦੀ ਨਵੀਂ ਬਣੀ ਸ਼ਾਨਦਾਰ ਇਮਾਰਤ ਦੀਆਂ ਚਾਬੀਆਂ ਆਂਗਣਵਾੜੀ ਵਰਕਰ ਭੁਪਿੰਦਰ ਕੌਰ, ਲੱਖੋ ਕੇ ਬਹਿਰਾਮ ਸੈਂਟਰ ਦੀ ਨਵੀਂ ਇਮਾਰਤ ਦੀਆਂ ਚਾਬੀਆਂ ਨੀਰਜਾ ਬਾਲਾ, ਪਿੰਡ ਚਪਾਤੀ ਦੇ ਆਂਗਣਵਾੜੀ ਸੈਂਟਰ ਦੀ ਨਵੀਂ ਇਮਾਰਤ ਦੀਆਂ ਚਾਬੀਆਂ ਆਂਗਣਵਾੜੀ ਵਰਕਰ ਪ੍ਰਕਾਸ਼ ਕੌਰ ਤੇ ਪਿੰਡ ਜੋਧਪੁਰ ਦੇ ਸੈਂਟਰ ਦੀ ਨਵੀੲ ਇਮਾਰਤ ਦੀਆਂ ਚਾਬੀਆਂ ਆਂਗਣਵਾੜੀ ਵਰਕਰ ਪ੍ਰੇਮ ਕੌਰ ਨੂੰ ਸੌਂਪੀਆਂ ਗਈਆਂ।