ਰਾਜਿੰਦਰ ਵਰਮਾ
ਭਦੌੜ, 10 ਫਰਵਰੀ
ਕੇਜਰੀਵਾਲ ਦਿੱਲੀ ਦਾ ਛੋਟਾ ਮੋਦੀ ਹੈ ਜੋ ਕੇਂਦਰ ਤੋਂ ਸਹੂਲਤਾਂ ਲੈਣ ਵੇਲੇ ਮੋਦੀ ਨਾਲ ਹੱਥ ਮਿਲਾ ਲੈਂਦਾ ਹੈ। ਇਹ ਗੱਲ ਦਿੱਲੀ ਮਹਿਲਾ ਕਾਂਗਰਸ ਦੀ ਮੀਤ ਪ੍ਰਧਾਨ ਅੰਮ੍ਰਿਤਾ ਧਵਨ ਨੇ ਪਿੰਡ ਰਾਮਗੜ੍ਹ ਵਿਖੇ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਹੋਏ ਕਹੀ।
ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ 111 ਦਿਨਾਂ ਵਿੱਚ ਸੇਵਾ ਭਾਵਨਾ ਨਾਲ ਕੰਮ ਕਰਕੇ ਲੋਕਾਂ ਅਤੇ ਹਾਈ ਕਮਾਂਡ ਦਾ ਦਿਲ ਜਿੱਤਿਆ ਹੈ ਤੇ ਦੂਜੇ ਪਾਸੇ ਕੇਜਰੀਵਾਲ ਲੋਕਾਂ ਨੂੰ ਠੱਗਣ ਲਈ ਪੰਜਾਬ ਆਇਆ ਹੈ। ਦਿੱਲੀ ਵਿੱਚ ਕੇਜਰੀਵਾਲ ਨੇ ਸੱਤ ਸਾਲਾਂ ਵਿੱਚ ਬਜ਼ਰੁਗਾਂ, ਅੰਗਹੀਣ ਜਾਂ ਵਿਧਵਾ ਨੂੰ ਪੈਨਸ਼ਨ ਨਹੀਂ ਦਿੱਤੀ ਜਦਕਿ ਪੰਜਾਬ ਵਿੱਚ ਢਾਈ ਸੌ ਤੋਂ ਵਧਾ ਕੇ 1500 ਰੁਪਏ ਪੈਨਸ਼ਨ ਦਿੱਤੀ ਜਾ ਰਹੀ ਹੈ। ਦਿੱਲੀ ਵਿੱਚ ਕਾਂਗਰਸ ਸਰਕਾਰ ਵੱਲੋਂ ਨਵ ਜਨਮੇ ਬੱਚੇ ਦੇ ਖਾਤੇ ਵਿੱਚ 35 ਹਜ਼ਾਰ ਰੁਪਏ ਦਿੱਤੇ ਜਾਂਦੇ ਸਨ ਉਸ ਸਕੀਮ ਨੂੰ ਵੀ ਕੇਜਰੀਵਾਲ ਨੇ ਬਰੇਕਾਂ ਲਗਾ ਦਿੱਤੀਆਂ। ਸ੍ਰੀ ਚੰਨੀ ਨੇ ਦੇਸ਼ ਭਰ ’ਚੋਂ ਸਭ ਤੋਂ ਪਹਿਲਾਂ ਡੀਜ਼ਲ ਅਤੇ ਪੈਟਰੋਲ ਦੇ ਭਾਅ ਘਟਾਏ। ਉਨ੍ਹਾਂ ਕਿਹਾ ਕਿ ਜੇ ਭਾਜਪਾ ਨੂੰ ਥੋੜ੍ਹੀਆਂ ਬਹੁਤ ਸੀਟਾਂ ਮਿਲ ਗਈਆਂ ਤਾਂ ਕੇਜਰੀਵਾਲ ਝੱਟ ਮੋਦੀ ਦਰਬਾਰ ਸਰਕਾਰ ਬਣਾਉਣ ਲਈ ਪੁੱਜ ਜਾਵੇਗਾ। ਐਮਪੀ ਭਗਵੰਤ ਮਾਨ ’ਤੇ ਤੰਜ ਕਸਦੇ ਹੋਏ ਉਨ੍ਹਾਂ ਕਿਹਾ ਕਿ ਆਪਣੇ ਸੱਤ ਸਾਲਾਂ ਦੇ ਕਾਰਜਕਾਲ ਦੌਰਾਨ ਸੰਗਰੂਰ ਹਲਕੇ ਦਾ ਕੀ ਵਿਕਾਸ ਕੀਤਾ ਹੈ। ਇਸ ਮੌਕੇ ਐਮਪੀ ਮੁਹੰਮਦ ਸਦੀਕ, ਨਿਰਮਲ ਸਿੰਘ ਨਿੱਮਾ, ਸਰਪੰਚ ਰਾਜਵਿੰਦਰ ਸਿੰਘ, ਸਰਪੰਚ ਗੁਰਸ਼ਰਨ ਸਿੰਘ ਟੱਲੇਵਾਲ, ਅਮਰਜੀਤ ਸਿੰਘ ਜੀਤਾ, ਰਾਜਬੀਰ ਸਿੰਗਲਾ ਕਿਹਾ ਕਿ ਤੁਹਾਡੀ ਵੋਟ ਨੇ ਮੁੱਖ ਮੰਤਰੀ ਚੁਨਣਾ ਹੈ।
ਲੋਕ ਚੰਨੀ ਨੂੰ ਪੱਕੇ ਤੌਰ ’ਤੇ ਤਾਸ਼ ਖੇਡਣ ਲਈ ਭੇਜਣਗੇ: ਉੱਗੋਕੇ
ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉੱਗੋਕੇ ਨੇ ਭਦੌੜ ਦੇ ਵੱਖ-ਵੱਖ ਵਾਰਡਾਂ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ’ਚ ਆਪ ਕਿਰਤੀਆਂ ਦੀ ਲੜਾਈ ਲੜ ਰਹੀ ਹੈ, ਹੁਣ ਕਿਰਤੀਆਂ ਦੀ ਹੋ ਰਹੀ ਲੁੱਟ ਤੋਂ ਲੋਕਾਂ ਨੂੰ ਬਚਾਉਣ ਦਾ ਸਮਾਂ ਆ ਗਿਆ ਹੈ। ਇਸ ਲੜਾਈ ਨੂੰ ਕੇਜਰੀਵਾਲ ਅਤੇ ਭਗਵੰਤ ਮਾਨ ਮੂਹਰੇ ਹੋ ਕੇ ਲੜ ਰਹੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਵੱਲੋਂ ਲੰਘੀ ਕੱਲ ਕੋਟਦੁੰਨਾ ਦੀ ਸੱਥ ਵਿੱਚ ਬਜ਼ੁਰਗਾਂ ਨਾਲ ਖੇਡੀ ਤਾਸ਼ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਭਦੌੜ ਦੇ ਅਣਖੀ ਲੋਕ ਚਰਨਜੀਤ ਸਿੰਘ ਨੂੰ ਆਉਣ ਵਾਲੇ ਪੰਜ ਸਾਲਾਂ ਵਿੱਚ ਤਾਸ਼ ਖੇਡਣ ਲਈ ਵਿਹਲੇ ਕਰਨ ਦਾ ਮਨ ਬਣਾਈ ਬੈਠੇ ਹਨ। ਲਾਭ ਸਿੰਘ ਨੇ ਕਿਹਾ ਕਿ ਭਦੌੜ ਦਾ ਹਸਪਤਾਲ ਦੋਨਾਂ ਪਾਰਟੀਆਂ ਦੀ ਅਣਗਹਿਲੀ ਕਰਕੇ ਬਿਮਾਰ ਪਿਆ ਹੈ ਅਤੇ ਇੱਕ ਸਾਜ਼ਿਸ਼ ਤਹਿਤ ਬੱਚਿਆਂ ਨੂੰ ਪੜ੍ਹਾਈ ਤੋਂ ਦੂਰ ਕੀਤਾ ਜਾ ਰਿਹਾ ਹੈ। ਇਸ ਦਾ ਜਵਾਬ ਤੁਸੀਂ 20 ਫ਼ਰਵਰੀ ਨੂੰ ਝਾੜੂ ਦੇ ਨਿਸ਼ਾਨ ’ਤੇ ਮੋਹਰ ਲਗਾ ਕੇ ਦੇਣਾ ਹੈ।